ਨਵੀਂ ਦਿੱਲੀ: ਜੇਐਨਯੂ ਦੀ ਸਾਬਕਾ ਵਿਦਿਆਰਥੀ ਅਤੇ ਕਸ਼ਮੀਰੀ ਆਗੂ ਸ਼ਹਿਲਾ ਰਾਸ਼ਿਦ ਨੂੰ ਦਿੱਲੀ ਦੀ ਇੱਕ ਅਦਾਲਤ ਨੇ ਅੰਸ਼ਕ ਰਾਹਤ ਦਿੱਤੀ ਹੈ। ਦਰਅਸਲ, ਅਦਾਲਤ ਨੇ ਪੁਲਿਸ ਨੂੰ ਨਿਰਦੇਸ਼ ਦਿੱਤਾ ਹੈ ਕਿ ਜੇ ਉਹ ਰਾਸ਼ਿਦ ਨੂੰ ਗ੍ਰਿਫਤਾਰ ਕਰਨਾ ਚਾਹੁੰਦੀ ਹੈ, ਤਾਂ ਉਸ ਨੂੰ ਉਸਦੇ ਵਿਰੁੱਧ 10 ਦਿਨ ਪਹਿਲਾਂ ਗ੍ਰਿਫ਼ਤਾਰੀ ਦਾ ਨੋਟਿਸ ਜਾਰੀ ਕਰਨਾ ਪਵੇਗਾ। ਰਾਸ਼ਿਦ 'ਤੇ ਸੋਸ਼ਲ ਮੀਡੀਆ 'ਤੇ ਭਾਰਤੀ ਫੌਜ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਹੈ। ਅਦਾਲਤ ਨੇ ਇਹ ਆਦੇਸ਼ ਰਸ਼ੀਦ ਦੀ ਅਗਾਉ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਦੌਰਾਨ ਦਿੱਤਾ।
ਵਧੀਕ ਸੈਸ਼ਨ ਜੱਜ ਸਤੀਸ਼ ਕੁਮਾਰ ਅਰੋੜਾ ਨੇ ਕਿਹਾ, “ਦੋਸ਼ਾਂ ਦੀ ਪ੍ਰਕਿਰਤੀ ਨੂੰ ਵੇਖਦਿਆਂ ਅਤੇ ਜਾਂਚ ਅਧਿਕਾਰੀ ਵੱਲੋਂ ਸੌਂਪੀ ਗਈ ਰਿਪੋਰਟ ਮੁਤਾਬਕ ਇਹ ਪਾਇਆ ਗਿਆ ਕਿ ਜਾਂਚ ਮੁੱਢਲੇ ਪੜਾਅ ’ਤੇ ਹੈ। ਉਨ੍ਹਾਂ ਕਿਹਾ ਕਿ ਜੇ ਮੁਲਜ਼ਮ ਦੀ ਗ੍ਰਿਫਤਾਰੀ ਦੀ ਲੋੜ ਹੈ ਤਾਂ ਉਸ ਨੂੰ 10 ਦਿਨ ਪਹਿਲਾਂ ਗ੍ਰਿਫਤਾਰੀ ਦਾ ਨੋਟਿਸ ਜਾਰੀ ਕੀਤਾ ਜਾਣਾ ਚਾਹੀਦਾ ਹੈ।
ਕੀ ਹੈ ਪੂਰਾ ਮਾਮਲਾ?
ਸ਼ਹਿਲਾ ਰਾਸ਼ਿਦ ਨੇ ਅਗਸਤ ਵਿੱਚ ਕਸ਼ਮੀਰ ਵਿੱਚ ਸੁਰੱਖਿਆ ਬਲਾਂ ਵਿੱਰੁਧ ਕਈ ਟਵੀਟ ਕੀਤੇ ਸਨ। ਉਸ ਨੇ ਆਪਣੇ ਟਵੀਟਾਂ ਵਿੱਚ ਲਿਖਿਆ ਕਿ ਕਸ਼ਮੀਰ ਵਿੱਚ ਸਥਿਤੀ ਬਹੁਤ ਖ਼ਰਾਬ ਹੈ। ਇੱਥੇ ਦੇ ਸੁਰੱਖਿਆ ਬਲਾਂ ਵੱਲੋਂ ਆਮ ਨਾਗਰਿਕਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਹਾਲਾਂਕਿ, ਬਾਅਦ ਵਿੱਚ ਫੌਜ ਨੇ ਰਾਸ਼ਿਦ ਦੇ ਇਨ੍ਹਾਂ ਦੋਸ਼ਾਂ ਨੂੰ ਨਕਾਰ ਦਿੱਤਾ। ਸ਼ਹਿਲਾ ਦੇ ਬਿਆਨ ਵਿਰੁੱਧ ਵਕੀਲ ਅਲਖ ਅਲੋਕ ਸ਼੍ਰੀਵਾਸਤਵ ਵੱਲੋਂ ਇੱਕ ਅਪਰਾਧਿਕ ਸ਼ਿਕਾਇਤ ਦਰਜ ਕੀਤੀ ਗਈ ਸੀ।
ਆਪਣੀ ਸ਼ਿਕਾਇਤ ਵਿੱਚ ਸ੍ਰੀਵਾਸਤਵ ਨੇ ਕਿਹਾ ਸੀ ਕਿ ਜੇਐਨਯੂ ਦੀ ਸਾਬਕਾ ਵਿਦਿਆਰਥੀ ਆਗੂ ਵੱਲੋਂ ਫੌਜ ‘ਤੇ ਲਗਾਏ ਦੋਸ਼ ਪੂਰੀ ਤਰ੍ਹਾਂ ਝੂਠੇ ਅਤੇ ਮਨਘੜਤ ਹਨ। ਉਸ ਦੇ ਦੋਸ਼ਾਂ ਦਾ ਕੋਈ ਅਧਾਰ ਨਹੀਂ ਹੈ। ਉਸਨੇ ਰਾਸ਼ਿਦ ਉੱਤੇ ਦੇਸ਼ ਵਿੱਚ ਹਿੰਸਾ ਭੜਕਾਉਣ ਦੇ ਇਰਾਦੇ ਨਾਲ ਜਾਣਬੁੱਝ ਕੇ ਨਕਲੀ ਖ਼ਬਰਾਂ ਫੈਲਾਉਣ ਅਤੇ ਭਾਰਤੀ ਫੌਜ ਦੀ ਤਸਵੀਰ ਨੂੰ ਵਿਗਾੜਨ ਦਾ ਵੀ ਦੋਸ਼ ਲਾਇਆ ਹੈ। ਇਸ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਆਈਪੀਸੀ ਦੀ ਧਾਰਾ 124 ਏ, 153 ਏ, 153, 504 ਅਤੇ 505 ਦੇ ਤਹਿਤ ਐਫਆਈਆਰ ਦਰਜ ਕੀਤੀ ਹੈ।