ਨਵੀਂ ਦਿੱਲੀ: ਦਿੱਲੀ ਕੈਬਿਨੇਟ ਨੇ ਸੋਮਵਾਰ ਨੂੰ ਫਰਵਰੀ ਵਿੱਚ ਸ਼ਹਿਰ ਵਿੱਚ ਹੋਏ ਦੰਗਿਆਂ ਦੌਰਾਨ ਮਾਰੇ ਗਏ ਆਈਬੀ ਅਧਿਕਾਰੀ ਅੰਕਿਤ ਸ਼ਰਮਾ ਦੇ ਪਰਿਵਾਰ ਦੀ ਇੱਕ ਕਰੋੜ ਰੁਪਏ ਦੀ ਮਦਦ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਸੰਕਟ ਕਾਰਨ ਇਸ ਪ੍ਰਕਿਰਿਆ ਵਿੱਚ ਦੇਰੀ ਹੋ ਗਈ ਸੀ।
ਦਿੱਲੀ ਦੰਗਿਆਂ 'ਚ ਮਾਰੇ ਗਏ ਆਈਬੀ ਅਧਿਕਾਰੀ ਦੇ ਪਰਿਵਾਰ ਨੂੰ ਇੱਕ ਕਰੋੜ ਰੁਪਏ ਦੇਣ ਨੂੰ ਮਨਜ਼ੂਰੀ - ਮੁੱਖ ਮੰਤਰੀ ਅਰਵਿੰਦ ਕੇਜਰੀਵਾਲ
ਦੰਗਿਆਂ ਦੌਰਾਨ ਮਾਰੇ ਗਏ ਆਈਬੀ ਅਧਿਕਾਰੀ ਅੰਕਿਤ ਸ਼ਰਮਾ ਦੇ ਪਰਿਵਾਰ ਦੀ ਇੱਕ ਕਰੋੜ ਰੁਪਏ ਦੀ ਮਦਦ ਕਰਨ ਨੂੰ ਦਿੱਲੀ ਕੈਬਿਨੇਟ ਨੇ ਮਨਜ਼ੂਰੀ ਦੇ ਦਿੱਤੀ ਹੈ।
ਕੇਜਰੀਵਾਲ ਨੇ ਹਿੰਦੀ ਵਿੱਚ ਟਵੀਟ ਕਰਦਿਆਂ ਲਿਖਿਆ, "ਦਿੱਲੀ ਦੰਗਿਆਂ ਵਿੱਚ ਆਈਬੀ ਅਧਿਕਾਰੀ ਅੰਕਿਤ ਸ਼ਰਮਾ ਦੀ ਬਹੁਤ ਦਰਦਨਾਕ ਮੌਤ ਹੋਈ ਸੀ। ਅਸੀਂ ਉਸ ਦੇ ਪਰਿਵਾਰ ਲਈ ਇੱਕ ਕਰੋੜ ਰੁਪਏ ਦੀ ਘੋਸ਼ਣਾ ਕੀਤੀ ਸੀ। ਅੱਜ ਇਸ ਫ਼ੈਸਲੇ ਨੂੰ ਕੈਬਿਨੇਟ ਨੇ ਮਨਜ਼ੂਰੀ ਦੇ ਦਿੱਤੀ ਹੈ। ਕੋਰੋਨਾ ਵਾਇਰਸ ਕਾਰਨ ਇਸ ਵਿੱਚ ਦੇਰੀ ਹੋਈ। ਉਮੀਦ ਹੈ ਕਿ ਉਸ ਦੇ ਪਰਿਵਾਰ ਨੂੰ ਇਸ ਹਫ਼ਤੇ ਪੈਸੇ ਮਿਲ ਜਾਣਗੇ।"
ਦੱਸਣਯੋਗ ਹੈ ਕਿ ਆਈਬੀ ਅਧਿਕਾਰੀ ਅੰਕਿਤ ਸ਼ਰਮਾ ਦੀ ਲਾਸ਼ ਦਿੱਲੀ ਵਿੱਚ ਹੋਏ ਫਿਰਕੂ ਦੰਗਿਆਂ ਤੋਂ ਕੁੱਝ ਦਿਨ ਬਾਅਦ 26 ਫਰਵਰੀ ਨੂੰ ਦਿੱਲੀ ਦੇ ਚੰਦ ਬਾਗ ਖੇਤਰ ਵਿੱਚ ਇੱਕ ਨਾਲੇ ਵਿੱਚੋਂ ਮਿਲੀ ਸੀ।