ਨਵੀਂ ਦਿੱਲੀ: ਦਿੱਲੀ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਵਿੱਚ ਅੱਜ ਖੇਤੀ ਕਾਨੂੰਨ ਖਿਲਾਫ਼ ਸੰਕਲਪ ਪੱਤਰ ਪਾਸ ਕੀਤਾ ਗਿਆ। ਇਸ ਦੌਰਾਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਤਿੰਨਾਂ ਕਾਨੂੰਨਾਂ ਦੀ ਕਾਪੀ ਫਾੜੀ ਦਿੱਤੀ। ਸੰਕਲਪ ਪੱਤਰ ਦੇ ਪੱਖ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿਧਾਨ ਸਭਾ ਨੇ ਕੇਂਦਰ ਸਰਕਾਰ ਦੇ ਤਿੰਨਾਂ ਕਾਨੂੰਨਾਂ ਨੂੰ ਖਾਰਜ ਕਰ ਦਿੱਤਾ ਅਤੇ ਕੇਂਦਰ ਸਰਕਾਰ ਤੋਂ ਇਨ੍ਹਾਂ ਨੂੰ ਵਾਪਸ ਲੈਣ ਦੀ ਅਪੀਲ ਕੀਤੀ ਹੈ। ਅੱਜ ਮੇਰੇ ਦੇਸ਼ ਦਾ ਕਿਸਾਨ ਦੋ ਡਿਗਰੀ ਤਾਪਮਾਨ ਵਿੱਚ ਸੜਕਾਂ ਉੱਤੇ ਸੋ ਰਿਹਾ ਹੈ। ਅਜਿਹੇ ਵਿੱਚ ਮੈਂ ਆਪਣੇ ਦੇਸ਼ ਦੇ ਕਿਸਾਨਾਂ ਅਤੇ ਜਵਾਨਾਂ ਦੇ ਨਾਲ ਗ਼ਦਾਰੀ ਨਹੀਂ ਕਰ ਸਕਦਾ। ਅੰਗਰੇਜ਼ਾਂ ਦੇ ਸਮੇਂ ਵਿਚ ਵੀ ਤਿੰਨ ਕਾਨੂੰਨਾਂ ਖਿਲਾਫ਼ ਸ਼ਹੀਦ ਭਗਤ ਸਿੰਘ ਦੇ ਪਿਤਾ ਦੀ ਅਗਵਾਈ ਵਿੱਚ ਪੰਜਾਬ ਵਿੱਚ ਅਜਿਹਾ ਹੀ ਇੱਕ ਅੰਦੋਲਨ ਹੋਇਆ ਸੀ ਅਤੇ ਅੰਗਰੇਜ਼ਾਂ ਨੂੰ ਕਾਨੂੰਨ ਵਾਪਸ ਲੈਣੇ ਪਏ ਸਨ। ਉਨ੍ਹਾਂ ਕਿਹਾ ਕਿ ਯੂਪੀ ਅਤੇ ਬਿਹਾਰ ਵਿੱਚ ਝੋਨਾ 900 ਤੋਂ 1000 ਰੁਪਏ ਵਿੱਚ ਵਿੱਕ ਰਿਹਾ ਹੈ, ਜੋ ਐਮਐਸਪੀ ਤੋਂ ਕਾਫੀ ਘੱਟ ਹੈ। ਜੇਕਰ ਇਹ ਕਾਨੂੰਨ ਕਿਸਾਨਾਂ ਦੇ ਹਿੱਤ ਵਿਚ ਹੈ, ਤਾਂ ਭਾਜਪਾ ਦੱਸੇ ਕਿ ਕਿਸਾਨ ਕਿਥੇ ਜਾ ਕੇ ਝੋਨਾ ਵੇਚਣ, ਤਾਂ ਕਿ ਉਨ੍ਹਾਂ ਨੂੰ ਐਮਐਸਪੀ ਤੋਂ ਜ਼ਿਆਦਾ ਕੀਮਤ ਮਿਲੇ। ਅਜ਼ਾਦ ਭਾਰਤ ਦੇ 70 ਸਾਲ ਦੇ ਇਤਿਹਾਸ ’ਚ ਪਹਿਲੀ ਵਾਰ ਹੋਇਆ ਹੈ ਕਿ ਰਾਜ ਸਭਾ ’ਚ ਬਿਨਾਂ ਵੋਟਿੰਗ ਦੇ ਤਿੰਨੇ ਕਾਨੂੰਨਾਂ ਨੂੰ ਪਾਸ ਕਰ ਦਿੱਤਾ। ਸੀਐਮ ਨੇ ਕਿਹਾ ਕਿ ਪਿਛਲੇ 5-6 ਸਾਲਾਂ ਵਿਚ ਭਾਜਪਾ ਨੇ ਚੋਣਾਂ ਨੂੰ ਮਹਿੰਗਾ ਕਰ ਦਿੱਤਾ ਹੈ। ਇਹ ਤਿੰਨੇ ਕਾਨੂੰਨ ਕਿਸਾਨਾਂ ਲਈ ਨਹੀਂ, ਸਗੋਂ ਇਹ ਕਾਨੂੰਨ ਤਾਂ ਚੋਣਾਂ ਵਿੱਚ ਫੰਡਿੰਗ ਕਰਾਉਣ ਲਈ ਬਣਾਏ ਗਏ ਹਨ।
ਸੰਤ ਰਾਮ ਸਿੰਘ ਜੀ ਦੇ ਮਨ ’ਚ ਸਮਾਜ ਅਤੇ ਦੇਸ਼ ਦੇ ਕਿਸਾਨਾਂ ਲਈ ਦੁੱਖ ਸੀ, ਇਸ ਲਈ ਉਨ੍ਹਾਂ ਬਲੀਦਾਨ ਦੇ ਦਿੱਤਾ : ਅਰਵਿੰਦ ਕੇਜਰੀਵਾਲ
ਦਿੱਲੀ ਵਿਧਾਨ ਸਭਾ ਦੇ ਬੁਲਾਏ ਗਏ ਵਿਸ਼ੇਸ਼ ਸੈਸ਼ਨ ’ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸੰਤ ਰਾਮ ਸਿੰਘ ਦੇ ਮਨ ’ਚ ਸਮਾਜ, ਦੇਸ਼ ਦੇ ਕਿਸਾਨਾਂ ਲਈ ਐਨਾ ਦੁੱਖ ਸੀ ਕਿ ਐਨਾਂ ਵੱਡਾ ਬਲੀਦਾਨ ਕਰ ਦਿੱਤਾ। ਜੋ ਪੱਤਰ ਲਿਖਕੇ ਉਹ ਸ਼ਹੀਦ ਹੋਏ, ਉਸ ਪੱਤਰ ਵਿੱਚ ਉਨ੍ਹਾਂ ਦਾ ਦਰਦ ਸੀ ਕਿ ਮੇਰੇ ਤੋਂ ਕਿਸਾਨਾਂ ਦਾ ਦਰਦ ਦੇਖਿਆ ਨਹੀਂ ਜਾ ਰਿਹਾ। ਸਿੰਘੂ ਬਾਰਡਰ ਉੱਤੇ ਕਿਸਾਨਾਂ ਲਈ ਰੋਜ ਜੈਕੇਟ, ਕੰਬਲ ਲੈ ਕੇ ਆਇਆ ਕਰਦੇ ਸਨ। ਜਦੋਂ ਕਿਸਾਨਾਂ ਦਾ ਦੁੱਖ ਉਹ ਬਰਦਾਸਤ ਨਾ ਕਰ ਸਕੇ, ਤਾਂ ਉਨ੍ਹਾਂ ਸ਼ਹੀਦੀ ਦੇ ਦਿੱਤੀ। ਇਸ ਅੰਦੋਲਨ ਵਿਚ ਹੁਣ ਤੱਕ 20 ਤੋਂ ਜ਼ਿਆਦਾ ਕਿਸਾਨ ਸ਼ਹੀਦ ਹੋ ਚੁੱਕੇ ਹਨ। ਇਸ ਅੰਦੋਲਨ ਨੂੰ ਵੀ 20 ਦਿਨ ਹੋਏ ਹਨ ਅਤੇ ਇਸ ਅੰਦੋਲਨ ਵਿਚ ਲਗਭਗ ਰੋਜ਼ਾਨਾ ਇਕ ਕਿਸਾਨ ਸ਼ਹੀਦ ਹੋ ਰਿਹਾ ਹੈ। ਮੈਂ ਕੇਂਦਰ ਸਰਕਾਰ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਤੁਸੀਂ ਇਸ ਦੇਸ਼ ਦੇ ਕਿਸਾਨਾਂ ਦੀ ਗੱਲ ਸੁਣਨ ਤੋਂ ਪਹਿਲਾਂ ਤੁਸੀਂ ਹੋਰ ਕਿੰਨੀਆਂ ਜਾਨਾਂ ਲਵੋਗੇ।
ਅੰਗਰੇਜ਼ਾਂ ਦੇ ਸਮੇਂ ਪੰਜਾਬ ਵਿੱਚ ਵੀ ਤਿੰਨ ਕਾਨੂੰਨਾਂ ਖਿਲਾਫ਼ 9 ਮਹੀਨੇ ਤੱਕ ਅੰਦੋਲਨ ਹੋਇਆ ਸੀ ਅਤੇ ਅੰਗਰੇਜ਼ਾਂ ਨੂੰ ਕਾਨੂੰਨ ਵਾਪਸ ਲੈਣੇ ਪਏ ਸਨ: ਅਰਵਿੰਦ ਕੇਜਰੀਵਾਲ
ਸੀਐੱਮ ਨੇ ਕਿਹਾ ਕਿ ਅੰਗਰੇਜ਼ਾਂ ਸਮੇਂ ਇੱਕ ਅਜਿਹਾ ਹੀ ਅੰਦੋਲਨ 1907 ਵਿਚ ਹੋਇਆ ਸੀ। ਉਸ ਅੰਦੋਲਨ ਦਾ ਨਾਮ ਸੀ ਪਗੜੀ ਸੰਭਾਲ ਜੱਟਾਂ। ਪੰਜਾਬ ’ਚ ਅੰਦੋਲਨ ਹੋਇਆ ਸੀ ਅਤੇ ਬਿਲਕੁਲ ਹੂ-ਬ-ਹੂ ਅਜਿਹਾ ਹੀ ਅੰਦੋਲਨ ਸੀ। ਉਹ ਅੰਦੋਲਨ ਵੀ 3 ਕਾਨੂਨਾਂ ਖਿਲਾਫ਼ ਸੀ। ਪੰਜਾਬ ਦੇ ਕਿਸਾਨਾਂ ਨੇ ਇਸ ਖਿਲਾਫ਼ ਅੰਦੋਲਨ ਕੀਤਾ ਸੀ। ਐਨੀ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ ਸਨ। ਅੰਗਰੇਜ਼ਾਂ ਖਿਲਾਫ਼ 9 ਮਹੀਨੇ ਤੱਕ ਇਹ ਅੰਦੋਲਨ ਚਲਿਆ ਸੀ। ਤਾਂ ਕੇਂਦਰ ਸਰਕਾਰ ਇਹ ਨਾ ਸਮਝ ਲਵੇ ਕਿ ਕਿਸਾਨ ਅਸਾਨੀ ਨਾਲ ਜਾਣ ਵਾਲੇ ਹਨ। ਉਸ ਅੰਦੋਲਨ ਦੀ ਅਗਵਾਈ ਸ਼ਹੀਦ ਭਗਤ ਸਿੰਘ ਦੇ ਪਿਤਾ ਕਿਸ਼ਨ ਸਿੰਘ ਜੀ ਅਤੇ ਅਤੇ ਉਨ੍ਹਾਂ ਦੇ ਚਾਚਾ ਜੀ ਅਜੀਤ ਸਿੰਘ ਜੀ ਨੇ ਕੀਤੀ ਸੀ। ਉਨ੍ਹਾਂ ਦੋਵਾਂ ਨੇ ਮਿਲਕੇ ਭਾਰਤ ਮਾਤਾ ਨਿਰਮਾਣ ਸੋਸਾਇਟੀ ਬਣਾਈ ਸੀ। ਤਿੰਨਾਂ ਕਾਨੂੰਨਾਂ ਨੂੰ ਖਾਰਜ ਕਰਵਾਉਣ ਲਈ ਉਸ ਸੁਸਾਇਟੀ ਦੀ ਅਗਵਾਈ ਵਿਚ ਉਹ ਅੰਦੋਲਨ ਹੋਇਆ ਸੀ। ਉਸ ਸਮੇਂ ਵੀ ਅੰਗਰੇਜ਼ ਸਰਕਾਰ ਨੇ ਕਿਹਾ ਸੀ ਕਿ ਥੋੜ੍ਹੇ ਸੁਧਾਰ ਕਰ ਦਿੱਦੇ ਹਨ। ਕਈ ਚਰਨ ਦੀ ਚਰਚਾ ਹੋਈ ਸੀ। ਪਰ ਕਿਸਾਨ ਡਟੇ ਹੋਏ ਸਨ ਕਿ ਅਸੀਂ ਤਿੰਨੇ ਕਾਨੂੰਨ ਵਾਪਸ ਕਰਾਉਣੇ ਹਨ। ਅੰਤ ’ਚ ਅੰਗਰੇਜ਼ਾਂ ਨੇ ਤਿੰਨੇ ਕਾਨੂੰਨ ਵਾਪਸ ਲਏ ਸਨ।