ਮੁੰਬਈ: ਬੀਤੇ ਮੰਗਲਵਾਰ ਨੂੰ ਮਹਾਰਾਸ਼ਟਰ ਦੇ ਨਾਸਿਕ ਦੇ ਦਿਓਲਾ ਖੇਤਰ 'ਚ ਇੱਕ ਬੱਸ ਇੱਕ ਆਟੋ ਰਿਕਸ਼ਾ ਨਾਲ ਟਕਰਾ ਗਈ ਸੀ ਤੇ ਇੱਕ ਖੂਹ 'ਚ ਜਾ ਡਿੱਗੀ ਸੀ। ਇਸ ਹਾਦਸੇ 'ਚ ਹੁਣ ਤੱਕ 25 ਲੋਕਾਂ ਦੀ ਮੌਤ ਦੀ ਹੋ ਗਈ ਹੈ।
ਇੱਕ ਅਧਿਕਾਰੀ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਤਕਰੀਬਨ 35 ਲੋਕਾਂ ਨੂੰ ਸੱਟਾਂ ਵੀ ਲੱਗੀਆਂ ਹਨ, ਨਾਲ ਹੀ ਦੱਸਿਆ ਹੈ ਕਿ ਮ੍ਰਿਤਕਾਂ ਵਿਚ 9 ਔਰਤਾਂ ਅਤੇ ਇਕ ਸੱਤ ਸਾਲ ਦੀ ਇਕ ਕੁੜੀ ਵੀ ਸ਼ਾਮਲ ਹੈ। ਅਧਿਕਾਰੀ ਨੇ ਦੱਸਿਆ ਹੈ ਕਿ ਘੱਟੋ-ਘੱਟ 21 ਲਾਸ਼ਾਂ ਨੂੰ ਖੂਹ ਵਿਚੋਂ ਬਾਹਰ ਕੱਢਿਆ ਗਿਆ ਹੈ ਅਤੇ ਜ਼ਖਮੀਆਂ ਦਾ ਇਲਾਜ ਸਰਕਾਰੀ ਹਸਪਤਾਲਾਂ ਵਿੱਚ ਕੀਤਾ ਜਾ ਰਿਹਾ ਹੈ।
ਰਾਜ ਸਰਕਾਰ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।
ਉਥੇ ਹੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪੀਐਮ ਨੇ ਟਵੀਟ ਕਰਦਿਆਂ ਲਿਖਿਆ ਹੈ ਕਿ, "ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ ਵਿੱਚ ਹਾਦਸਾ ਮੰਦਭਾਗਾ ਹੈ। ਉਦਾਸੀ ਦੀ ਇਸ ਘੜੀ ਵਿੱਚ, ਮੇਰੇ ਵਿਚਾਰ ਦੁੱਖੀ ਪਰਿਵਾਰਾਂ ਨਾਲ ਹਨ।
ਇਹ ਵੀ ਪੜੋ:ਕੋਰੋਨਾ ਵਾਇਰਸ ਤੋਂ ਘਬਰਾਉਣ ਦੀ ਲੋੜ ਨਹੀਂ, ਭਾਰਤ ਵਿਚ ਨਹੀਂ ਮਿਲਿਆ ਕੋਈ ਵੀ ਕੇਸ: ਹਰਸ਼ਵਰਧਨ
ਦੱਸ ਦੇਈਏ ਕਿ ਇਹ ਹਾਦਸਾ ਮੰਗਲਵਾਰ ਸ਼ਾਮ ਨੂੰ ਉੱਤਰ ਮਹਾਰਾਸ਼ਟਰ ਜ਼ਿਲ੍ਹੇ ਦੇ ਮਾਲੇਗਾਓਂ-ਦਿਓਲਾ ਰੋਡ 'ਤੇ ਵਾਪਰਿਆ। ਮਹਾਰਾਸ਼ਟਰ ਸਟੇਟ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੁਆਰਾ ਸੰਚਾਲਿਤ (ਐਮਐਸਆਰਟੀਸੀ) ਬੱਸ ਧੂਲੇ ਜ਼ਿਲ੍ਹੇ ਦੇ ਨਾਲ ਲੱਗਦੇ ਨਾਸਿਕ ਦੇ ਕਲਵਾਨ ਜਾ ਰਹੀ ਸੀ ਜਦਕਿ ਇਕ ਆਟੋ ਰਿਕਸ਼ਾ ਉਲਟ ਦਿਸ਼ਾ ਤੋਂ ਆ ਰਿਹਾ ਸੀ। ਸਵਾਰੀਆਂ ਨਾਲ ਭਰੀ ਬੱਸ ਆਟੋ ਨਾਲ ਟਕਰਾ ਗਈ ਤੇ ਖੂਹ 'ਚ ਜਾ ਡਿੱਗੀ।