ਨਵੀਂ ਦਿੱਲੀ: ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ ਨਵੇਂ ਕੋਰੋਨਾ ਵਾਇਰਸ ਪੀੜਤਾਂ ਦੇ 1,752 ਕੇਸ ਸਾਹਮਣੇ ਆਏ ਤੇ 37 ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ। ਸਿਹਤ ਮੰਤਰਾਲੇ ਦੇ ਜੁਆਇੰਟ ਸਕੱਤਰ ਲਵ ਅਗਰਵਾਲ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦੇਸ਼ ਵਿੱਚ ਪੀੜਤਾਂ ਦੀ ਗਿਣਤੀ ਵੱਧ ਕੇ 23,452 ਹੋ ਗਈ ਹੈ, ਜਦਕਿ ਮਰਨ ਵਾਲਿਆਂ ਦੀ ਗਿਣਤੀ 723 ਹੋ ਗਈ ਹੈ। ਮਹਾਰਾਸ਼ਟਰ, ਗੁਜਰਾਤ, ਮੱਧ ਪ੍ਰਦੇਸ਼ ਅਤੇ ਦਿੱਲੀ ਵਿੱਚ ਸਭ ਤੋਂ ਵੱਧ ਮੌਤਾਂ ਹੋਈਆਂ ਹਨ ਤੇ ਇਨ੍ਹਾਂ ਚਾਰਾਂ ਰਾਜਾਂ ਵਿੱਚ ਪੀੜਤਾਂ ਦੇ ਮਾਮਲੇ ਵੀ ਵੱਧ ਹਨ।
ਕੇਂਦਰ ਸਰਕਾਰ ਨੇ ਕੋਰੋਨਾ ਵਾਇਰਸ ਦੀ ਸਥਿਤੀ ਨੂੰ ਗੰਭੀਰ ਦੱਸਦਿਆਂ ਦੇਸ਼ ਦੇ ਪੰਜ ਨਵੇਂ ਖੇਤਰਾਂ ਵਿੱਚ ਇਕ ਅੰਤਰ-ਮੰਤਰੀ ਕਮੇਟੀ ਭੇਜਣ ਦਾ ਫੈਸਲਾ ਕੀਤਾ ਹੈ। ਗ੍ਰਹਿ ਮੰਤਰਾਲੇ ਦਾ ਕਹਿਣਾ ਹੈ ਕਿ ਅਹਿਮਦਾਬਾਦ, ਸੂਰਤ, ਠਾਣੇ, ਹੈਦਰਾਬਾਦ ਤੇ ਚੇਨੱਈ ਵਿੱਚ ਸਥਿਤੀ ਨਾਜ਼ੁਕ ਹੈ। ਇਸ ਲਈ ਚਾਰ ਨਵੀਆਂ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ।
ਮਹਾਰਾਸ਼ਟਰ ਦੇ ਠਾਣੇ ਸ਼ਹਿਰ ਲਈ ਪਹਿਲਾਂ ਤੋਂ ਮੌਜੂਦ ਕਮੇਟੀ ਦੇ ਕੰਮ ਦਾ ਵਿਸਤਾਰ ਕੀਤਾ ਗਿਆ ਹੈ। ਨਵੀਂ ਬਣੀ ਕਮੇਟੀ ਵਿੱਚ 2 ਟੀਮਾਂ ਗੁਜਰਾਤ ਦੇ 2 ਸ਼ਹਿਰਾਂ ਵਿੱਚ ਜਾਣਗੀਆਂ। ਇਕ ਟੀਮ ਤੇਲੰਗਾਨਾ ਦੇ ਹੈਦਰਾਬਾਦ ਅਤੇ ਇਕ ਤਾਮਿਲਨਾਡੂ ਵਿੱਚ ਚੇਨੱਈ ਜਾਵੇਗੀ। ਪਹਿਲਾਂ ਤੋਂ ਮੌਜੂਦ ਮੁੰਬਈ-ਪੁਣੇ ਦੀ ਟੀਮ ਮਹਾਰਾਸ਼ਟਰ ਦੇ ਠਾਣੇ ਵਿੱਚ ਕੰਮ ਕਰੇਗੀ।
ਇਹ ਕਮੇਟੀਆਂ ਪਹਿਲਾਂ ਬਣੀਆਂ ਕਮੇਟੀਆਂ ਵਾਂਗ ਕੋਰੋਨਾ ਪ੍ਰਬੰਧਨ ਵਿੱਚ ਰਾਜ ਸਰਕਾਰ ਦਾ ਸਮਰਥਨ ਕਰਨਗੀਆਂ। ਮੱਧ ਪ੍ਰਦੇਸ਼ ਦੇ ਇੰਦੌਰ ਗਈ ਟੀਮ ਨੇ ਦੱਸਿਆ ਹੈ ਕਿ ਸ਼ਹਿਰ ਵਿੱਚ 171 ਕੰਟੋਨਮੈਂਟਜ਼ੋਨ ਹਨ, ਜਿਨ੍ਹਾਂ ਵਿਚੋਂ 30 ਦੀ ਹਾਲਤ ਗੰਭੀਰ ਹੈ। ਮੁੰਬਈ ਦੇ ਧਾਰਾਵੀ ਵਿਚ ਅੰਤਰ-ਮੰਤਰਾਲੇ ਦੀ ਟੀਮ ਨੇ ਲੋਕਾਂ ਦੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਢੁਕਵੀਂ ਥਾਂਵਾਂ 'ਤੇ ਚਲਿਤ ਪਖਾਨੇ ਬਣਾਉਣ ਲਈ ਕਿਹਾ ਹੈ।
ਮਹਾਰਾਸ਼ਟਰ:ਸ਼ੁੱਕਰਵਾਰ ਨੂੰ ਮਹਾਰਾਸ਼ਟਰ ਵਿੱਚ 394 ਨਵੇਂ ਕੋਰੋਨਾ ਵਾਇਰਸ ਪੀੜਤਾਂ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਰਾਜ ਵਿਚ ਪੀੜਤਾਂ ਦੀ ਗਿਣਤੀ 6,817 ਹੋ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਦਿਨ ਵਿੱਚ 18 ਲੋਕਾਂ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ 301 ਹੋ ਗਈ ਹੈ। 117 ਲੋਕਾਂ ਨੂੰ ਇਲਾਜ ਤੋਂ ਬਾਅਦ ਸ਼ੁੱਕਰਵਾਰ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਹੈ। ਹੁਣ ਤੱਕ 957 ਲੋਕ ਇਸ ਵਾਇਰਸ ਦੀ ਲਾਗ ਤੋਂ ਠੀਕ ਹੋ ਚੁੱਕੇ ਹਨ।
ਛੱਤੀਸਗੜ੍ਹ: ਕੋਰੋਨਾ ਵਾਇਰਸ ਨਾਲ ਪੀੜਤ 2 ਮਰੀਜ਼ਾਂ ਨੂੰ ਇਲਾਜ ਤੋਂ ਬਾਅਦ ਸ਼ੁੱਕਰਵਾਰ ਨੂੰ ਰਾਏਪੁਰ ਦੇ ਏਮਜ਼ ਤੋਂ ਛੁੱਟੀ ਦੇ ਦਿੱਤੀ ਗਈ। ਰਾਜ ਵਿੱਚ ਹੁਣ ਤੱਕ 30 ਲੋਕਾਂ ਨੂੰ ਵਾਇਰਸ ਦੇ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। 6 ਵਿਅਕਤੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ।
ਉੜੀਸਾ: ਭਦੜਕ ਜ਼ਿਲ੍ਹੇ ਦੇ 40 ਸਾਲਾ ਵਿਅਕਤੀ ਨੂੰ ਕੋਰੋਨਾ ਵਾਇਰਸ ਨਾਲ ਪੀੜਤ ਪਾਇਆ ਗਿਆ ਹੈ। ਉਸਨੇ ਕੋਲਕਾਤਾ ਦੀ ਯਾਤਰਾ ਕੀਤੀ ਸੀ। ਰਾਜ ਵਿੱਚ ਪੀੜਤਾਂ ਦੀ ਗਿਣਤੀ ਹੁਣ 90 ਹੋ ਗਈ ਹੈ। ਰਾਜ ਵਿੱਚ ਕੋਵਿਡ -19 ਦੇ 90 ਮਾਮਲਿਆਂ ਵਿਚੋਂ 56 ਹਸਪਤਾਲ ਵਿੱਚ ਜ਼ੇਰੇ ਇਲਾਜ ਹਨ, 33 ਵਿਅਕਤੀ ਠੀਕ ਹੋਏ ਹਨ।