ਰਾਂਚੀ : ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੂੰ ਈਮੇਲ ਰਾਹੀਂ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਹੇਮੰਤ ਸੋਰੇਨ ਨੂੰ ਜਰਮਨੀ ਅਤੇ ਸਵਿਟਜ਼ਰਲੈਂਡ ਦੇ ਸਰਵਰ ਰਾਹੀਂ ਡਿਸਪੋਸੇਬਲ ਮੇਲ ਰਾਹੀਂ ਧਮਕੀ ਦਿੱਤੀ ਗਈ ਹੈ। ਮੇਲ ਭੇਜਣ ਵਾਲੇ ਵਿਅਕਤੀ ਨੇ ਹੇਮੰਤ ਸੋਰੇਨ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੰਦੇ ਹੋਏ ਲਿਖਿਆ ਕਿ ‘ਜੋ ਵੀ ਹੋ ਰਿਹਾ ਹੈ, ਚੰਗਾ ਨਹੀਂ ਹੋ ਰਿਹਾ’।
ਆਈ.ਜੀ ਸੁਮਨ ਗੁਪਤਾ ਨੇ ਸੀਐਮ ਹੇਮੰਤ ਸੋਰੇਨ ਨੂੰ ਧਮਕੀ ਮਿਲਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ 2 ਮੇਲ ਆਏ ਹਨ ਜਿਸ ਵਿੱਚ ਧਮਕੀ ਦਿੱਤੀ ਗਈ ਹੈ। ਦੋਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਸਾਈਬਰ ਸੈੱਲ ਅਤੇ ਸੀਆਈਡੀ ਦੀ ਟੀਮ ਜਾਂਚ ਵਿੱਚ ਲੱਗੀ ਹੋਈ ਹੈ। ਜਾਣਕਾਰੀ ਅਨੁਸਾਰ ਸੀਐਮ ਹੇਮੰਤ ਨੂੰ ਭੇਜੀ ਗਈ ਮੇਲ ਡਿਸਪੋਜੇਬਲ ਹੈ। ਉਸ ਨੂੰ ਸਿਰਫ਼ ਭੇਜਣ ਵਾਲਾ ਅਤੇ ਮੁੱਖ ਮੰਤਰੀ ਹੀ ਦੇਖ ਸਕਦੇ ਹਨ। ਧਮਕੀ ਦੇਣ ਵਾਲੇ ਵਿਅਕਤੀ ਨੇ ਲਿਖਿਆ ਕਿ 'ਮੁੱਖ ਮੰਤਰੀ ਤੁਸੀਂ ਬਿਲਕੁਲ ਗ਼ਲਤ ਕੰਮ ਕਰ ਰਹੇ ਹੋ ਅਤੇ ਇਸ ਦੋਸ਼ ਲਈ ਤੁਹਾਨੂੰ ਮੌਤ ਦੀ ਸਜ਼ਾ (ਅਰਥਾਤ ਸਜ਼ਾ-ਏ-ਮੌਤ) ਦਿੱਤੀ ਜਾਵੇਗੀ।