ਮੁੰਬਈ: ਪੱਛਮੀ ਬੰਗਾਲ ਅਤੇ ਓਡੀਸ਼ਾ ਵਿੱਚ ਚੱਕਰਵਾਤੀ ਅਮਫਾਨ ਦੀ ਤਬਾਹੀ ਤੋਂ ਬਾਅਦ ਹੁਣ ਮਹਾਰਾਸ਼ਟਰ ਵਿੱਚ ਚੱਕਰਵਾਤ 'ਨਿਸਰਗ' ਦਾ ਖ਼ਤਰਾ ਬਣਿਆ ਹੋਇਆ ਹੈ।
ਭਾਰਤੀ ਮੌਸਮ ਵਿਭਾਗ ਅਨੁਸਾਰ ਚੱਕਰਵਾਤ ਮੁੰਬਈ ਅਤੇ ਪਾਲਘਰ ਨੇੜੇ ਪਹੁੰਚ ਗਿਆ ਹੈ। ਇਹ ਮੁੰਬਈ ਦੇ ਸਮੁੰਦਰੀ ਤੱਟ ਨਾਲ ਟਕਰਾਵੇਗਾ। ਮੁੰਬਈ ਲਈ ਇਹ ਪਹਿਲਾ ਗੰਭੀਰ ਚੱਕਰਵਾਤ ਹੋਵੇਗਾ। ਦਰਅਸਲ, ਅਰਬ ਸਾਗਰ 'ਤੇ ਘੱਟ ਦਬਾਅ ਵਾਲਾ ਖੇਤਰ ਮੁੰਬਈ ਵੱਲ ਵਧ ਰਿਹਾ ਹੈ, ਇਸ ਦੀ ਰਫਤਾਰ 11 ਕਿਲੋਮੀਟਰ ਪ੍ਰਤੀ ਘੰਟਾ ਹੈ। ਹਵਾ ਦੀ ਗਤੀ 125 ਕਿਲੋਮੀਟਰ ਪ੍ਰਤੀ ਘੰਟਾ ਹੋ ਸਕਦੀ ਹੈ। ਇਹ ਹੁਣ ਮੁੰਬਈ ਤੋਂ 450 ਕਿਲੋਮੀਟਰ ਦੀ ਦੂਰੀ 'ਤੇ ਹੈ।
ਪਹਿਲਾਂ ਅਜਿਹਾ ਖ਼ਦਸ਼ਾ ਸੀ ਕਿ ਚੱਕਰਵਾਤੀ ਤੂਫਾਨ 'ਨਿਸਰਗ' 3 ਜੂਨ ਨੂੰ ਗੁਜਰਾਤ ਦੇ ਤੱਟ ਉੱਤੇ ਦਸਤਕ ਦੇ ਸਕਦਾ ਹੈ ਪਰ ਹੁਣ ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਇਹ ਤੂਫ਼ਾਨ ਗੁਜਰਾਤ ਵਿੱਚ ਦਸਤਕ ਨਹੀਂ ਦੇਵੇਗਾ। ਮਹਾਰਾਸ਼ਟਰ, ਗੋਆ, ਦਮਨ-ਦਿਉ ਅਤੇ ਦਾਦਰਾ ਨਗਰ ਹਵੇਲੀ ਵਿਚ ਅਲਰਟ ਜਾਰੀ ਕੀਤਾ ਗਿਆ ਹੈ। ਇਸ ਨਾਲ ਵਿਨਾਸ਼ ਦੀ ਸੰਭਾਵਨਾ ਦੇ ਮੱਦੇਨਜ਼ਰ ਰਾਜ ਸਰਕਾਰਾਂ ਨੇ ਹੇਠਲੇ ਸਥਾਨਾਂ 'ਤੇ ਰਹਿਣ ਵਾਲੇ ਲੋਕਾਂ ਨੂੰ ਬਾਹਰ ਕੱਢਣ ਦੇ ਹੁਕਮ ਦਿੱਤੇ ਹਨ।
ਅੱਧਾ ਦਰਜਨ ਤੋਂ ਵੱਧ ਜ਼ਿਲ੍ਹਿਆਂ ਵਿੱਚ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐਨਡੀਆਰਐਫ) ਦੀਆਂ 10 ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਚੱਕਰਵਾਤ ਦੇ ਖਤਰੇ ਨਾਲ ਨਜਿੱਠਣ ਲਈ ਕੁੱਲ 23 ਐਨਡੀਆਰਐਫ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ।
ਮੌਸਮ ਵਿਭਾਗ ਦਾ ਕਹਿਣਾ ਹੈ ਕਿ ਤੂਫ਼ਾਨ ਦਾ ਅਸਰ ਹੋਰ ਰਾਜਾਂ ਜਿਵੇਂ ਕਿ ਦਿੱਲੀ, ਹਰਿਆਣਾ, ਪੰਜਾਬ, ਰਾਜਸਥਾਨ, ਉੱਤਰ ਪ੍ਰਦੇਸ਼, ਝਾਰਖੰਡ, ਬਿਹਾਰ, ਮੱਧ ਪ੍ਰਦੇਸ਼ ਉੱਤੇ ਨਹੀਂ ਪਵੇਗਾ।