ਸ੍ਰੀਨਗਰ: ਘਾਟੀ ਵਿੱਚ ਧਾਰਾ 370 ਹਟਾਏ ਜਾਣ ਤੋਂ ਬਾਅਦ ਜ਼ਿਆਦਾਤਰ ਇਲਾਕਿਆਂ ਵਿੱਚ ਅਜੇ ਤੱਕ ਧਾਰਾ 144 ਲੱਗੀ ਹੋਈ ਹੈ। ਸ਼ੁੱਕਰਵਾਰ ਨੂੰ ਜੁੰਮੇ ਦੀ ਨਮਾਜ਼ ਤੋਂ ਪਹਿਲਾਂ ਕਸ਼ਮੀਰ ਵਿੱਚ ਧਾਰਾ 144 ਵਿੱਚ ਥੋੜੀ ਜਿਹੀ ਢਿੱਲ ਦਿੱਤੀ ਗਈ ਸੀ। ਇਸ ਤੋਂ ਬਾਅਦ ਮੁੜ ਤੋਂ ਭੀੜ ਦੇ ਇਕੱਠੇ ਹੋਣ ਤੇ ਮਨਾਹੀ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ: ਕਰਤਾਰਪੁਰ ਲਾਂਘਾ: ਪਾਕਿ ਸਰਕਾਰ ਨੂੰ ਆਪਣੇ ਵਾਅਦੇ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ: ਕੈਪਟਨ
ਸੂਤਰਾਂ ਮੁਤਾਬਕ ਪੁਲਿਸ ਵਾਲੇ ਘਰ-ਘਰ ਜਾ ਕੇ ਲੋਕਾਂ ਨੂੰ ਘਰਾਂ ਵਿੱਚ ਰਹਿਣ ਲਈ ਕਹਿ ਰਹੇ ਹਨ। ਜਿਹੜੀਆਂ ਦੁਕਾਨਾਂ ਕਰਫਿਊ ਵਿੱਚ ਢਿੱਲ ਦੇਣ ਤੋਂ ਬਾਅਦ ਖੋਲੀਆਂ ਗਈਆਂ ਸਨ ਉਨ੍ਹਾਂ ਨੂੰ ਮੁੜ ਤੋਂ ਬੰਦ ਕਰਨ ਲਈ ਕਿਹਾ ਜਾ ਰਿਹਾ ਹੈ।
ਘਾਟੀ ਦੇ ਪੁਲਿਸ ਮੁਖੀ ਦਿਲਬਾਗ ਸਿੰਘ ਨੇ ਕਿਹਾ ਕਿ ਮਾਮੂਲੀ ਪੱਥਰਬਾਜ਼ੀ ਹੋਈ ਸੀ ਜਿਸ ਨੂੰ ਉਸੇ ਵੇਲੇ ਹੀ ਰੋਕ ਲਿਆ ਗਿਆ ਸੀ। ਇਸ ਤੋਂ ਇਲਾਵਾ ਹੋਰ ਕੋਈ ਵੱਡੀ ਘਟਨਾ ਨਹੀਂ ਹੋਈ ਹੈ। ਹਾਲਾਂਕਿ ਸ਼ੋਸਲ ਮੀਡੀਆ ਤੇ ਜੋ ਵੀਡੀਓ ਸਾਹਮਣੇ ਆ ਰਹੀਆਂ ਹਨ ਉਨ੍ਹਾਂ ਤੋਂ ਇੱਦਾ ਲੱਗ ਰਿਹਾ ਹੈ ਜਿਵੇਂ ਘਾਟੀ ਵਿੱਚ ਹਲਾਤ ਜ਼ਿਆਦਾ ਹੀ ਖ਼ਰਾਬ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਭੀੜ ਨੂੰ ਹਟਾਉਣ ਲਈ ਪੁਲਿਸ ਨੇ ਗੋਲ਼ੀ ਵੀ ਚਲਾਈ ਸੀ ਜਿਸ ਵਿੱਚ ਕਈ ਲੋਕ ਜ਼ਖ਼ਮੀ ਵੀ ਹੋ ਗਏ। ਹਾਲਾਂਕਿ ਈਟੀਵੀ ਭਾਰਤ ਇਸ ਦੀ ਤਸਦੀਕ ਨਹੀਂ ਕਰਦਾ।
ਸਰਕਾਰ ਅਤੇ ਸਥਾਨਕ ਪੁਲਿਸ ਪ੍ਰਸ਼ਾਸਨ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਘਾਟੀ ਵਿੱਚ ਹਲਾਤ ਆਮ ਹਨ ਉੱਥੇ ਇਨ੍ਹਾਂ ਦਿਨਾਂ ਵਿੱਚ ਕੋਈ ਵੀ ਘਟਨਾ ਨਹੀਂ ਵਾਪਰੀ ਹੈ। ਇਸ ਦੀ ਪੁਖ਼ਤਾ ਜਾਣਕਾਰੀ ਜਾਂ ਤਾਂ ਸਰਕਾਰ ਕੋਲ ਹੈ ਜਾਂ ਫਿਰ ਉਨ੍ਹਾਂ ਲੋਕਾਂ ਕੋਲ ਜੋ ਇਸ ਵੇਲੇ ਘਰਾਂ ਵਿੱਚ ਰਹਿਣ ਲਈ ਮਜ਼ਬੂਰ ਹਨ।