ਨਵੀਂ ਦਿੱਲੀ: ਜਵਾਹਰਲਾਲ ਨਹਿਰੂ ਯੂਨੀਵਰਸਿਟੀ ਵਿੱਚ ਬੀਤੇ ਐਤਵਾਰ ਨੂੰ ਹੋਈ ਹਿੰਸਾ ਦੀ ਜਾਂਚ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਵਲੋਂ ਕੀਤੀ ਜਾ ਰਹੀ ਹੈ। ਜੇਐਨਯੂਐਸਯੂ ਪ੍ਰਧਾਨ ਆਇਸ਼ੀ ਘੋਸ਼ ਸਣੇ 20 ਉੱਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਦੱਸ ਦਈਏ ਕਿ ਬੀਤੇ ਐਤਵਾਰ ਨੂੰ ਜੇਐਨਯੂ ਵਿੱਚ ਹੋਈ ਹਿੰਸਾ ਤੋਂ ਬਾਅਦ ਦੇਸ਼ ਭਰ ਦੇ ਕਈ ਇਲਾਕਿਆ ਵਿੱਚ ਰੋਸ ਪ੍ਰਦਰਸ਼ਨ ਜਾਰੀ ਹੈ।
ਜੇਐਨਯੂਐਸਯੂ ਪ੍ਰਧਾਨ ਆਇਸ਼ੀ ਘੋਸ਼ ਤੇ 19 ਉੱਤੇ ਕ੍ਰਾਈਮ ਬ੍ਰਾਂਚ ਨੇ ਐਫਆਈਆਰ ਦਰਜ ਕਰ ਲਈ ਹੈ। ਇਹ ਮਾਮਲਾ ਸੁਰੱਖਿਆ ਕਰਮਚਾਰੀਆਂ ਉੱਤੇ ਹਮਲਾ ਕਰਨ ਤੇ ਸਰਵਰ ਰੂਮ ਨੂੰ ਨੁਕਸਾਨ ਪਹੁੰਚਾਉਣ ਨੂੰ ਲੈ ਕੇ ਦਰਜ ਕੀਤਾ ਗਿਆ ਹੈ। ਮਾਮਲਾ 5 ਜਨਵਰੀ ਦਾ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਇਹ ਐਫ਼ਆਈਆਰ 6 ਜਨਵਰੀ ਨੂੰ ਦਰਜ ਕੀਤੀ ਹੈ।
5 ਜਨਵਰੀ ਨੂੰ ਜੋ ਜੇਐਨਯੂ ਹਿੰਸਾ ਹੋਈ, ਉਸ ਵਿੱਚ ਜੇਐਨਯੂਐਸਯੂ ਪ੍ਰਧਾਨ ਆਇਸ਼ੀ ਘੋਸ਼ ਜਖ਼ਮੀ ਹੋ ਗਈ ਸੀ। ਉਨ੍ਹਾਂ ਦੇ ਸਿਰ ਉੱਤੇ ਕਾਫ਼ੀ ਸੱਟ ਲੱਗ ਗਈ ਸੀ।
ਮੁੰਬਈ ਗੇਟਵੇ ਆਫ਼ ਇੰਡਿਆ 'ਤੇ ਹੋ ਰਿਹਾ ਸੀ ਪ੍ਰਦਰਸ਼ਨ
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐਨਯੂ) ਵਿਖੇ ਹਿੰਸਾ ਦੇ ਵਿਰੋਧ ਵਿੱਚ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੂੰ ਮੰਗਲਵਾਰ ਸਵੇਰੇ ਮੁੰਬਈ ਦੇ ਗੇਟਵੇਅ ਆਫ਼ ਇੰਡੀਆ ਤੋਂ ਆਜ਼ਾਦ ਮੈਦਾਨ ਲਿਜਾਇਆ ਗਿਆ। ਵਿਦਿਆਰਥੀਆਂ ਨੂੰ ਪੁਲਿਸ ਵਲੋਂ ਜ਼ਬਰਦਸਤੀ ਚੁੱਕ ਕੇ ਉੱਥੋ ਸ਼ਿਫ਼ਟ ਕੀਤਾ ਗਿਆ। ਸੋਮਵਾਰ ਸ਼ਾਮ ਨੂੰ ਗੇਟਵੇ ਆਫ਼ ਇੰਡੀਆ 'ਤੇ 'ਫ੍ਰੀ ਕਸ਼ਮੀਰ' ਦੇ ਪੋਸਟਰ ਲਹਿਰਾਏ ਗਏ ਸਨ। ਇਸ ਤੋਂ ਬਾਅਦ ਉਥੇ ਮਾਹੌਲ ਖ਼ਰਾਬ ਹੋਣ ਦੀ ਸੰਭਾਵਨਾ ਵੱਧ ਗਈ। ਇਸ ਦੇ ਮੱਦੇਨਜ਼ਰ ਪੁਲਿਸ ਨੇ ਇਹ ਕਾਰਵਾਈ ਕੀਤੀ ਹੈ।