ਨਵੀਂ ਦਿੱਲੀ: ਬੀਸੀਸੀਆਈ ਨੇ ਕੋਰੋਨਾਵਾਇਰਸ ਦੇ ਵਧਦੇ ਮਾਮਲਿਆਂ ਨੂੰ ਮੁੱਖ ਰਖਦਿਆਂ ਇੰਡੀਅਨ ਪ੍ਰੀਮਿਅਰ ਲੀਗ (ਆਈਪੀਐਲ) ਦੇ ਆਗਾਮੀ ਸੀਜ਼ਨ ਨੂੰ 15 ਅਪ੍ਰੈਲ ਤੱਕ ਮੁਲਤਵੀ ਕਰ ਦਿੱਤਾ ਹੈ। ਪਹਿਲਾਂ ਇਹ ਸੀਜ਼ਨ 29 ਮਾਰਚ ਤੋਂ ਸ਼ੁਰੂ ਹੋਣਾ ਸੀ।
ਬੀਸੀਸੀਆਈ ਅਧਿਕਾਰੀ ਨੇ ਕਿਹਾ ਕਿ ਇਸ ਟੂਰਨਾਮੈਂਟ ਦਾ ਪ੍ਰਬੰਧ ਕਰਨ ਦਾ ਸਭ ਤੋਂ ਸਹੀ ਤਰੀਕਾ ਇਹ ਹੈ ਕਿ ਇਸ ਨੂੰ 15 ਅਪ੍ਰੈਲ ਤੋਂ ਸ਼ੁਰੂ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਕਮੇਟੀ ਦਾ ਅੰਦਰੂਨੀ ਫ਼ੈਸਲਾ ਹੈ। ਇਸੇ ਸਬੰਧ ਵਿੱਚ ਬੀਸੀਸੀਆਈ ਤੇ ਆਈਪੀਐਲ ਟੀਮਾਂ ਦੇ ਮਾਲਿਕਾਂ ਦੀ ਸ਼ਨਿਵਾਰ ਨੂੰ ਬੈਠਕ ਵੀ ਹੋਵੇਗੀ।
ਦਿੱਲੀ 'ਚ ਨਹੀਂ ਹੋਣਗੇ ਮੈਚ
ਕੋਰੋਨਾ ਵਾਇਰਸ ਨੂੰ ਲੈ ਕੇ ਦਿੱਲੀ ਦੇ ਉੱਪ-ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਦੱਸਿਆ ਹੈ ਕਿ ਆਈਪੀਐਲ ਦੇ ਮੁਕਾਬਲੇ ਦਿੱਲੀ ਵਿੱਚ ਨਹੀਂ ਹੋਣਗੇ। ਉਨ੍ਹਾਂ ਕਿਹਾ ਕਿ ਇੱਕ ਵੀ ਵਿਅਕਤੀ ਨਾਲ ਕੋਰੋਨਾ ਫੈਲ ਸਕਦਾ ਹੈ। ਇਸ ਤੋਂ ਇਲਾਵਾ ਸਿਸੋਦੀਆ ਨੇ ਦੱਸਿਆ ਕਿ ਅਸੀਂ ਹਰ ਤਰ੍ਹਾਂ ਦੀ ਖੇਡ ਗਤੀਵਿਧੀ ਉੱਤੇ ਪਾਬੰਦੀ ਲਾਉਣ ਦਾ ਫ਼ੈਸਲਾ ਕੀਤਾ ਹੈ, ਜਿੱਥੇ ਲੋਕ ਵੱਡੀ ਗਿਣਤੀ ’ਚ ਇਕੱਠੇ ਹੋਣਗੇ। ਦਿੱਲੀ ’ਚ ਸਾਰੀਆਂ ਖੇਡਾਂ, ਅਜਿਹੇ ਈਵੈਂਟਸ, ਸੈਮੀਨਾਰ, ਕਾਨਫ਼ਰੰਸਾਂ ਆਦਿ ਉੱਤੇ ਰੋਕ ਲਾ ਦਿੱਤੀ ਗਈ ਹੈ।
ਆਈਪੀਐਲ ਦਾ ਆਗਾਮੀ ਸੈਸ਼ਨ ਹੋ ਸਕਦੈ ਛੋਟਾ
ਆਈਪੀਐੱਲ ਦੇ ਆਗਾਮੀ ਸੈਸ਼ਨ ਨੂੰ ਛੋਟਾ ਕਰਨਾ ਇੱਕ ਹੋਰ ਵਿਕਲਪ ਹੈ। ਇੱਕ ਛੋਟੇ ਆਈਪੀਐੱਲ ਦਾ ਮਤਲਬ ਹੈ ਕਿ ਰਾਉਂਡ ਰੋਬਿਨ ਰੂਪ ਨੂੰ ਖ਼ਤਮ ਕਰ ਦਿੱਤਾ ਜਾਵੇਗਾ ਅਤੇ ਸਾਰੀਆਂ 8 ਟੀਮਾਂ ਨੂੰ 2 ਗਰੁੱਪਾਂ ਵਿੱਚ ਵੰਡਿਆ ਜਾਵੇਗਾ। ਜਿਸ ਦਾ ਮਤਲਬ ਆਈਪੀਐਲ ਹਾਲ ਹੀ ਵਿੱਚ ਖ਼ਤਮ ਹੋਈ ਮਹਿਲਾ ਟੀ-20 ਵਿਸ਼ਵ ਕੱਪ ਦੇ ਫ਼ਾਰਮੈਟ ਦੀ ਤਰ੍ਹਾਂ ਖੇਡਿਆ ਜਾ ਸਕਦਾ ਹੈ। ਆਈਪੀਐਲ ਦੇ ਪਹਿਲਾਂ ਆਈ ਸਮਾਂ ਸਾਰਣੀ ਮੁਤਾਬਕ ਇਸ ਵਾਰ ਸਿਰਫ਼ ਐਤਵਾਰ ਨੂੰ ਹੀ ਦੋ ਮੁਕਾਬਲੇ ਖੇਡੇ ਜਾਂਦੇ ਹਨ ਪਰ ਮੀਡਿਆ ਰਿਪੋਰਟਾਂ ਮੁਤਾਬਕ ਹੁਣ ਸ਼ਨਿਚਰਵਾਰ ਨੂੰ ਵੀ ਦੋ ਮੁਕਾਬਲੇ ਖੇਡੇ ਜਾ ਸਕਦੇ ਹਨ। ਅਜਿਹੇ ਵਿੱਚ ਇਹ ਟੂਰਨਾਮੈਂਟ ਘੱਟ ਸਮੇਂ ਵਿੱਚ ਖ਼ਤਮ ਹੋਵੇਗਾ।