ਨਵੀਂ ਦਿੱਲੀ: ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਐਲਾਨੀ ਗਈ 3 ਮਈ ਤੱਕ ਦੇਸ਼ ਵਿਆਪਕ ਤਾਲਾਬੰਦੀ ਦੀਆਂ ਗਾਈਡਲਾਈਨਜ਼ ਵਿੱਚ ਬਦਲਾਅ ਕੀਤਾ ਗਿਆ ਹੈ। ਦਿਲਚਸਪ ਗੱਲ ਇਹ ਹੈ ਕਿ ਜਿਨ੍ਹਾਂ ਸੁਵਿਧਾਵਾਂ ਨੂੰ ਪੰਜਾਬ ਸਰਕਾਰ ਨੂੰ ਸ਼ੁਰੂ ਕਰਨ ਤੋਂ ਕੇਂਦਰ ਸਰਕਾਰ ਨੇ ਰੋਕਿਆ ਸੀ ਹੁਣ ਉਹੀ ਸੁਵਿਧਾਵਾਂ ਨਵੀਆਂ ਗਾਈਡ ਲਾਈਨਜ਼ ਵਿੱਚ ਚਾਲੂ ਕਰਨ ਦੇ ਆਦੇਸ਼ ਜਾਰੀ ਹੋਏ ਹਨ।
ਪੰਜਾਬ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੂੰ 19 ਅਪ੍ਰੈਲ ਨੂੰ ਭਾਰਤ ਦੇ ਗ੍ਰਹਿ ਸਕੱਤਰ ਅਜੇ ਭੱਲਾ ਨੇ ਇੱਕ ਚਿੱਠੀ ਲਿਖੀ ਸੀ। ਇਸ ਚਿੱਠੀ ਵਿੱਚ ਪੰਜਾਬ ਸਰਕਾਰ ਨੂੰ ਕਿਤਾਬਾਂ ਕਾਪੀਆਂ ਅਤੇ ਪੱਖਿਆਂ ਤੇ ਕੂਲਰ ਆਦੀ ਦੀ ਰਿਪੇਅਰ ਦੀਆਂ ਦੁਕਾਨਾਂ ਨੂੰ ਨਾ ਖੋਲ੍ਹਣ ਦੀ ਅਪੀਲ ਕੀਤੀ ਸੀ।
ਮੰਗਲਵਾਰ ਦੇਰ ਸ਼ਾਮ ਨੂੰ ਜਾਰੀ ਹੋਈਆਂ ਨਵੀਆਂ ਗਾਈਡ ਲਾਈਨਜ਼ ਵਿੱਚ ਭਾਰਤ ਸਰਕਾਰ ਨੇ ਇਨ੍ਹਾਂ ਦੋਵਾਂ ਸੁਵਿਧਾਵਾਂ ਨੂੰ ਸ਼ਾਮਲ ਕਰ ਲਿਆ ਹੈ। ਪੰਜਾਬ ਸਰਕਾਰ ਨੂੰ ਚਿੱਠੀ ਲਿਖਣ ਤੋਂ ਇੱਕ ਦਿਨ ਬਾਅਦ ਹੀ ਭਾਰਤ ਸਰਕਾਰ ਨੇ ਆਪਣਾ ਫ਼ੈਸਲਾ ਬਦਲ ਲਿਆ ਹੈ।
ਇਸ ਦੇ ਨਾਲ ਹੀ ਕਈ ਹੋਰ ਸੁਵਿਧਾਵਾਂ ਨੂੰ ਵੀ ਛੋਟ ਦਿੱਤੀ ਗਈ ਹੈ ਜਿਨ੍ਹਾਂ ਵਿੱਚ ਖੇਤੀਬਾੜੀ ਦੇ ਸੰਦਾਂ ਅਤੇ ਮੱਖੀ ਪਾਲਣ ਨਾਲ ਜੁੜੇ ਸਮਾਨ ਨੂੰ ਸ਼ਾਮਲ ਕੀਤਾ ਹੈ। ਪੰਜਾਬ ਸ਼ਹਿਦ ਉਤਪਾਦਨ ਲਈ ਦੇਸ਼ ਦਾ ਮੋਹਰੀ ਸੂਬਾ ਹੈ। ਇਸ ਨਵੀਂ ਰਿਆਇਤ ਨਾਲ ਸੂਬੇ ਦੇ ਮੱਖੀ ਪਾਲਕ ਕਿਸਾਨਾਂ ਨੂੰ ਜ਼ਰੂਰ ਫਾਇਦਾ ਹੋਵੇਗਾ। ਇਸ ਦੇ ਨਾਲ ਹੀ ਬੀਜ ਅਤੇ ਖੇਤੀਬਾੜੀ ਨਾਲ ਸਬੰਧਿਤ ਰਿਸਰਚ ਕਾਰਜ ਵੀ ਦੁਬਾਰਾ ਸ਼ੁਰੂ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ।
ਇਸ ਦੇ ਨਾਲ ਹੀ ਬੰਦਰਗਾਹ ਅਤੇ ਮਰਚੈਂਟ ਨੇਵੀ ਨਾਲ ਜੁੜੇ ਕਿੱਤਿਆਂ ਵਿੱਚ ਵੀ ਕੁਝ ਰਿਆਇਤ ਦਿੱਤੀ ਗਈ ਹੈ। ਪੰਜਾਬ ਸਰਕਾਰ ਨੇ ਮੰਗਲਵਾਰ ਨੂੰ ਸੂਬੇ ਵਿੱਚ ਠੇਕੇ ਖੋਲ੍ਹਣ ਦੀ ਇਜਾਜ਼ਤ ਵੀ ਕੇਂਦਰ ਸਰਕਾਰ ਤੋਂ ਮੰਗੀ ਹੈ ਜਿਸ ਨਾਲ ਸੂਬੇ ਵਿੱਚ ਰਾਜਨੀਤੀ ਵੀ ਸ਼ੁਰੂ ਹੋ ਗਈ ਹੈ।