ਨਵੀਂ ਦਿੱਲੀ: ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਦੇ ਰਿਕਾਰਡ 7 ਲੱਖ ਤੋਂ ਵੱਧ ਨਮੂਨਿਆਂ ਦੀ ਜਾਂਚ ਕੀਤੀ ਗਈ। ਹੁਣ ਤੱਕ ਕੁੱਲ 2,41,06,535 ਨਮੂਨਿਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।
ਰਿਕਵਰੀ ਦਰ ਵਿੱਚ 20 ਪ੍ਰਤੀਸ਼ਤ ਦਾ ਵਾਧਾ ਪਿਛਲੇ 24 ਘੰਟਿਆਂ ਦੌਰਾਨ ਕੁੱਲ 7,19,364 ਟੈਸਟ ਕੀਤੇ ਗਏ ਜੋ ਕਿ ਪਿਛਲੇ ਦਿਨ ਦੇ ਮੁਕਾਬਲੇ ਇੱਕ ਲੱਖ ਤੋਂ ਵੱਧ ਹਨ। ਬੀਤੇ ਦਿਨ 5,98,778 ਸੈਂਪਲਾਂ ਦੀ ਜਾਂਚ ਕੀਤੀ ਗਈ ਸੀ।
ਮੰਤਰਾਲੇ ਨੇ ਕਿਹਾ ਕਿ ਇਸ ਤਰ੍ਹਾਂ ਰੋਜ਼ਾਨਾ ਟੈਸਟਿੰਗ 'ਚ ਵਾਧੇ ਨਾਲ ਕੋਰੋਨਾ ਦੇ ਕੇਸਾਂ ਦੀ ਗਿਣਤੀ ਵੀ ਵਧੇਗੀ। ਹਾਲਾਂਕਿ, ਸੂਬਿਆਂ ਨੂੰ ਵਿਆਪਕ ਤੌਰ 'ਤੇ ਟਰੈਕਿੰਗ, ਜਲਦ ਆਈਸੋਲੇਸ਼ਨ ਅਤੇ ਪ੍ਰਭਾਵਸ਼ਾਲੀ ਇਲਾਜ 'ਤੇ ਧਿਆਨ ਕੇਂਦਰਿਤ ਕਰਨ ਦੀ ਸਲਾਹ ਦਿੱਤੀ ਗਈ ਹੈ।
ਮੰਤਰਾਲੇ ਨੇ ਇਹ ਵੀ ਕਿਹਾ ਹੈ ਕਿ ਮਰੀਜ਼ਾਂ ਦੀ ਰਿਕਵਰੀ ਦੀ ਦਰ ਵੀ ਤੇਜ਼ੀ ਨਾਲ ਵਧ ਰਹੀ ਹੈ। ਕੋਰੋਨਾ ਮਰੀਜ਼ਾਂ ਦੀ ਰਿਕਵਰੀ ਦਰ ਇੱਕ ਮਹੀਨੇ ਪਹਿਲਾਂ 48.2 ਪ੍ਰਤੀਸ਼ਤ ਤੋਂ ਵਧ ਕੇ 68.3 ਪ੍ਰਤੀਸ਼ਤ ਹੋ ਗਈ ਹੈ। 6 ਜੂਨ ਤੋਂ 8 ਅਗਸਤ ਦੇ ਵਿਚਕਾਰ, ਰਿਕਵਰੀ ਦਰ ਵਿੱਚ 20 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ।
ਮੰਤਰਾਲੇ ਦੀ ਵੈਬਸਾਈਟ 'ਤੇ ਦਿੱਤੀ ਜਾਣਕਾਰੀ ਅਨੁਸਾਰ ਸ਼ਨੀਵਾਰ ਨੂੰ ਭਾਰਤ ਵਿੱਚ ਕੋਰੋਨਾ ਮਾਮਲਿਆਂ ਦੀ ਗਿਣਤੀ 21,53,010 ਹੋ ਗਈ। ਪਿਛਲੇ 24 ਘੰਟਿਆਂ ਦੌਰਾਨ 861 ਮੌਤਾਂ ਦੇ ਨਾਲ 64,398 ਮਾਮਲੇ ਸਾਹਮਣੇ ਆਏ ਹਨ। ਐਕਟਿਵ ਕੇਸਾਂ ਦੀ ਗਿਣਤੀ 6,28,747 ਸੀ। ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 43,379 ਹੋ ਗਈ ਹੈ।