ਨਵੀਂ ਦਿੱਲੀ : ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਨੇ ਸ਼ਨੀਵਾਰ ਨੂੰ ਆਪਣੇ ਬਿਆਨ 'ਚ ਕਿਹਾ ਕਿ ਅਸੀਂ ਉਮੀਦ ਨਹੀਂ ਕਰਦੇ ਕਿ ਹੋਰਨਾਂ ਵਿਕਸਤ ਦੇਸ਼ਾਂ ਵਾਂਗ ਕੋਰੋਨਾ ਵਾਇਰਸ ਨਾਲ ਸਥਿਤੀ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗੀ, ਫਿਰ ਵੀ ਅਸੀਂ ਭਾਰਤ ਨੂੰ ਸਭ ਤੋਂ ਮੁਸ਼ਕਲ ਸਥਿਤੀ ਦਾ ਸਾਹਮਣਾ ਕਰਨ ਲਈ ਤਿਆਰ ਰੱਖਿਆ ਹੋਇਆ ਹੈ। ਹਰਸ਼ ਵਰਧਨ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਉੱਤਰ-ਪੂਰਬੀ ਰਾਜਾਂ ਦੇ ਸਿਹਤ ਮੰਤਰੀਆਂ ਅਤੇ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਦੌਰਾਨ ਇਹ ਗੱਲ ਆਖੀ। ਕੋਰੋਨਾਵਾਇਰਸ ਸੰਕਟ ਦੇ ਹੱਲ ਲਈ ਕੀਤੀਆਂ ਗਈਆਂ ਕੋਸ਼ਿਸ਼ਾਂ ‘ਤੇ ਬੋਲਦਿਆਂ ਕਿਹਾ ਕਿ ਦੇਸ਼ ਵਿੱਚ ਮੌਤ ਦੀ ਦਰ ਕਰੀਬ 3.3 ਪ੍ਰਤੀਸ਼ਤ ਹੈ ਅਤੇ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਰਿਕਵਰੀ ਦੀ ਦਰ 29.9 ਹੈ, ਜੋ ਕਿ ਬਹੁਤ ਵਧੀਆ ਸੰਕੇਤ ਹਨ।
ਹਰਸ਼ਵਰਧਨ ਨੇ ਕਿਹਾ ਕਿ ਪਿਛਲੇ ਤਿੰਨ ਦਿਨਾਂ ਤੋਂ ਕੇਸਾਂ ਦੇ ਦੁੱਗਣੇ ਹੋਣ ਦੀ ਦਰ ਕਰੀਬ 11 ਦਿਨ ਰਹੀ ਹੈ। ਪਿਛਲੇ ਸੱਤ ਦਿਨਾਂ ਤੋਂ, ਕੇਸਾਂ ਨੂੰ ਦੁਗਣਾ ਕਰਨ ਦੀ ਦਰ 9.9 ਪ੍ਰਤੀ ਦਿਨ ਰਹੀ ਹੈ ਅਤੇ ਪਿਛਲੇ 14 ਦਿਨਾਂ ਵਿਚ ਇਹ ਅੱਜ 10.7 ਹੈ। ਅਸੀਂ ਹੋਰਨਾਂ ਵਿਕਸਤ ਦੇਸ਼ਾਂ ਦੀ ਤਰ੍ਹਾਂ ਭਾਰਤ ਲਈ ਸਭ ਤੋਂ ਮੁਸ਼ਕਲ ਸਥਿਤੀ ਦੀ ਭਵਿੱਖਬਾਣੀ ਨਹੀਂ ਕਰਦੇ, ਫਿਰ ਵੀ ਅਸੀਂ ਪੂਰੇ ਦੇਸ਼ ਨੂੰ ਸਭ ਤੋਂ ਔਖੇ ਹਲਾਤਾਂ ਨਾਲ ਨਜਿੱਠਣ ਲਈ ਤਿਆਰ ਰੱਖਿਆ ਹੈ।
ਦੱਸਣਯੋਗ ਹੈ ਕਿ ਸਿਹਤ ਮੰਤਰੀ ਦੀ ਇਹ ਟਿੱਪਣੀ ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਵੱਲੋਂ ਪ੍ਰੈਸ ਕਾਨਫਰੰਸ ਵਿੱਚ ਦਿੱਤੇ ਬਿਆਨ ਤੋਂ ਬਾਅਦ ਆਈ ਹੈ। ਅਗਰਵਾਲ ਨੇ ਕਿਹਾ ਕਿ ਸਾਨੂੰ ਇਸ ਵਾਇਰਸ ਨਾਲ ਜਿਉਣਾ ਸਿੱਖਣਾ ਪਵੇਗਾ।