ਨਵੀਂ ਦਿੱਲੀ: ਇਸ ਸਾਲ ਕੋਵਿਡ -19 ਦੇ ਮੱਦੇਨਜ਼ਰ ਸਮਾਜਿਕ ਦੂਰੀ ਨੂੰ ਧਿਆਨ ਵਿੱਚ ਰੱਖਦੇ ਹੋਏ, ਬੁੱਧ ਪੂਰਨਿਮਾ ਸਮਾਗਮ ਵਰਚੂਅਲ ਤਰੀਕੇ ਨਾਲ ਕਰਵਾਇਆ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਸਵੇਰੇ ਬੁੱਧ ਪੂਰਨਿਮਾ ਸਮਾਰੋਹ ਵਿੱਚ ਸ਼ਾਮਲ ਹੋਣਗੇ ਅਤੇ ਸੰਬੋਧਨ ਕਰਨਗੇ। ਇਹ ਸਮਾਗਮ ਕੋਵਿਡ -19 ਦੇ ਪੀੜਤਾਂ ਅਤੇ ਫਰੰਟ ਲਾਈਨ ਯੋਧਿਆਂ, ਜਿਵੇਂ ਕਿ ਮੈਡੀਕਲ ਸਟਾਫ, ਡਾਕਟਰਾਂ ਅਤੇ ਪੁਲਿਸ ਕਰਮਚਾਰੀਆਂ ਅਤੇ ਹੋਰਾਂ ਦੇ ਸਨਮਾਨ ਲਈ ਕਰਵਾਇਆ ਜਾ ਰਿਹਾ ਹੈ।
ਸਭਿਆਚਾਰ ਮੰਤਰਾਲਾ, ਇੱਕ ਵਿਸ਼ਵਵਿਆਪੀ ਅੰਬ੍ਰੇਲਾ ਸੰਗਠਨ ਅੰਤਰਰਾਸ਼ਟਰੀ ਬੁੱਧੀਸਟ ਕੰਨਫੇਡਰੇਸ਼ਨ (ਆਈਬੀਸੀ) ਨਾਲ ਮਿਲ ਕੇ ਵਰਚੁਅਲ ਪ੍ਰਾਰਥਨਾ ਸਭਾ ਕਰਵਾ ਰਿਹਾ ਹੈ ਜਿਸ ਵਿਚ ਦੁਨੀਆ ਭਰ ਦੇ ਸਾਰੇ ਬੋਧੀ ਸੰਗਠਨਾਂ ਦੇ ਪ੍ਰਮੁੱਖ ਹਿੱਸਾ ਲੈਣਗੇ।
ਇਸ ਮੌਕੇ ਹੋਣ ਵਾਲੀ ਪ੍ਰਾਰਥਨਾ ਦੀ ਰਸਮ ਦਾ ਸਿੱਧਾ ਪ੍ਰਸਾਰਣ ਬੁੱਧ ਧਰਮ ਨਾਲ ਜੁੜੇ ਸਾਰੇ ਪ੍ਰਮੁੱਖ ਸਥਾਨਾਂ ਤੋਂ ਹੋਵੇਗਾ। ਇਨ੍ਹਾਂ ਥਾਵਾਂ ਵਿੱਚ ਨੇਪਾਲ ਵਿੱਚ ਲੁੰਬਿਨੀ ਗਾਰਡਨ, ਬੋਧਗਯਾ ਵਿੱਚ ਮਹਾਬੋਧੀ ਮੰਦਿਰ, ਸਾਰਨਾਥ ਵਿੱਚ ਮੂਲਗੰਧਾ ਕੁਟੀ ਵਿਹਾਰ, ਕੁਸ਼ੀਨਗਰ ਵਿੱਚ ਪਰਿਨੀਰਵਨ ਸਤੂਪ, ਸ੍ਰੀਲੰਕਾ ਵਿੱਚ ਪਵਿੱਤਰ ਅਤੇ ਇਤਿਹਾਸਕ ਅਨੁਰਾਧਪੁਰਾ ਸਤੂਪ ਅਤੇ ਹੋਰ ਪ੍ਰਸਿੱਧ ਬੁੱਧ ਸਥਾਨ ਸ਼ਾਮਲ ਹਨ।