ਨਵੀਂ ਦਿੱਲੀ: ਭਾਰਤ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਵਧਦੇ ਜਾ ਕਹੇ ਹਨ ਪਰ ਇਸੇ ਵਿਚਕਾਰ ਰਾਹਤ ਦੀਆਂ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ। ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਨੇ ਐਤਵਾਰ ਨੂੰ ਕਿਹਾ ਕਿ ਪਿਛਲੇ 24 ਘੰਟਿਆਂ ਦੌਰਾਨ 10 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੋਈ ਕੋਰੋਨਾ ਵਾਇਰਸ ਦਾ ਮਾਮਲਾ ਸਾਹਮਣੇ ਨਹੀਂ ਆਇਆ ਹੈ ਅਤੇ ਰਿਕਵਰੀ ਦੀ ਦਰ 30 ਫੀਸਦ ਤੋਂ ਵੱਧ ਹੋ ਗਈ ਹੈ। ਸਿਹਤ ਵਿਭਾਗ ਦੇ ਅੰਕੜਿਆ ਮੁਤਾਬਕ ਭਾਰਤ ਵਿੱਚ ਕੋਰੋਨਾ ਮਾਮਲਿਆਂ ਦੀ ਗਿਣਤੀ 67 ਹਜ਼ਾਰ ਤੋਂ ਪਾਰ ਹੋ ਗਈ ਹੈ ਜਿਨ੍ਹਾਂ ਵਿੱਚੋਂ 2206 ਦੀ ਮੌਤ ਹੋ ਚੁੱਕੀ ਹੈ।
ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਵਿੱਚ 1511 ਕੋਵਿਡ-19 ਮਰੀਜ਼ ਠੀਕ ਹੋਏ ਹਨ ਅਤੇ ਇਹ ਅੰਕੜਾ ਇੱਕ ਦਿਨ ਵਿੱਚ ਠੀਕ ਹੋਣ ਵਾਲੇ ਸਭ ਤੋਂ ਜ਼ਿਆਦਾ ਮਰੀਜ਼ਾਂ ਦਾ ਹੈ। ਮੰਤਰਾਲੇ ਦੇ ਅਨੁਸਾਰ ਦੇਸ਼ 'ਚ ਪਿਛਲੇ 24 ਘੰਟਿਆਂ ਦੌਰਾਨ 128 ਮੌਤਾਂ ਹੋਈਆਂ ਅਤੇ ਕੁੱਲ 3,277 ਨਵੇਂ ਮਾਮਲੇ ਦਰਜ ਕੀਤੇ ਗਏ। ਕੁੱਲ ਮਾਮਲਿਆਂ ਵਿੱਚ 111 ਵਿਦੇਸ਼ੀ ਨਾਗਰਿਕ ਸ਼ਾਮਲ ਹਨ। ਕੋਵਿਡ-19 ਦੇ ਸਰਗਰਮ ਮਾਮਲਿਆਂ ਦੀ ਗਿਣਤੀ 41472 ਹੈ ਜਦੋਂ ਕਿ 19357 ਮਰੀਜ਼ ਠੀਕ ਹੋ ਗਏ ਹਨ ਅਤੇ ਇੱਕ ਮਰੀਜ਼ ਪ੍ਰਵਾਸ ਕਰ ਗਿਆ ਹੈ।