ਨਵੀਂ ਦਿੱਲੀ:ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਕੌਮੀ ਪ੍ਰਧਾਨ ਜੇ ਪੀ ਨੱਡਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਕ ਕਰੋੜ ਭਾਜਪਾ ਵਰਕਰ ਰੋਜ਼ਾਨਾ ਲੋੜਵੰਦਾਂ ਨੂੰ ਪੰਜ ਫੂਡ ਪੈਕੇਟ ਵੰਡੇਗਾ। ਕੋਰੋਨਾ ਵਾਇਰਸ ਦੇ ਚੱਲਦਿਆਂ ਦੇਸ਼ ਭਰ ਵਿੱਚ ਤਾਲਾਬੰਦੀ ਕੀਤੀ ਗਈ ਹੈ। ਇਸ ਕਾਰਨ ਜੋ ਪ੍ਰਵਾਸੀ ਮਜ਼ਦੂਰ ਦਿਹਾੜੀ ਲਗਾ ਕੇ ਆਪਣੇ ਭੋਜਨ ਦਾ ਇੰਤਜਾਮ ਕਰਦੇ ਹਮ, ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੀ ਮਦਦ ਲਈ ਨੇਤਾਵਾਂ, ਖੇਡ ਜਗਤ, ਸਿਨੇਮਾ ਜਗਤ ਆਦਿ ਤੋਂ ਹਰ ਕੋਈ ਅੱਗੇ ਆ ਰਿਹਾ ਹੈ।
ਇਕ ਨਿਊਜ਼ ਏਜੰਸੀ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ, “ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ ‘ਤੇ, ਇਕ ਕਰੋੜ ਭਾਜਪਾ ਵਰਕਰ ਹਰ ਰੋਜ਼ ਪੰਜ ਫੂਡ ਪੈਕੇਟ ਜ਼ਰੂਰਤਮੰਦ ਲੋਕਾਂ ਵਿਚ ਵੰਡਣਗੇ। ਅੱਜ ਇਸ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਮੈਂ 10 ਫੂਡ ਪੈਕੇਟ ਪੁਲਿਸ ਕਰਮਚਾਰੀਆਂ ਨੂੰ ਲੋੜਵੰਦਾਂ ਨੂੰ ਵੰਡਣ ਲਈ ਸੌਂਪੇ ਹਨ।"
ਨੱਡਾ ਨੇ ਕਿਹਾ ਕਿ, "ਮੈਂ ਸਾਰੇ ਭਾਜਪਾ ਵਰਕਰਾਂ ਅਤੇ ਹੋਰ ਲੋਕਾਂ ਨੂੰ ਬੇਨਤੀ ਕਰਦਾ ਹਾਂ ਜੋ ਸਮਰੱਥ ਹਨ, ਉਨ੍ਹਾਂ ਨੂੰ ਲੋੜਵੰਦ ਲੋਕਾਂ ਲਈ ਭੋਜਨ ਦੀ ਸਹਾਇਤਾ ਕਰਨੀ ਚਾਹੀਦੀ ਹੈ, ਤਾਂ ਜੋ ਉਹ ਘਰ ਦੇ ਅੰਦਰ ਰਹਿ ਸਕਣ ਅਤੇ ਸੁਰੱਖਿਅਤ ਰਹਿਣ।"