ਨਵੀਂ ਦਿੱਲੀ: ਬਿਹਾਰ ਦੇ ਮੁਜ਼ੱਫਰਪੁਰ ਸ਼ੈਲਟਰ ਹੋਮ ਮਾਮਲੇ 'ਚ ਸਾਕੇਤ ਕੋਰਟ ਨੇ ਆਪਣਾ ਫ਼ੈਸਲਾ ਸੁਣਾ ਦਿੱਤਾ ਹੈ। ਅਦਾਲਤ ਨੇ 20 ਦੋਸ਼ੀਆਂ 'ਚੋਂ ਬ੍ਰਜੇਸ਼ ਠਾਕੁਰ ਸਣੇ 19 ਲੋਕਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ, ਜਦੋਂਕਿ ਇੱਕ ਦੋਸ਼ੀ ਨੂੰ ਬਰੀ ਕਰ ਦਿੱਤਾ ਗਿਆ ਹੈ। ਸਾਰੇ ਦੋਸ਼ੀਆਂ ਨੂੰ 28 ਜਨਵਰੀ ਨੂੰ ਸਜ਼ਾ ਸੁਣਾਈ ਜਾਵੇਗੀ।
ਬ੍ਰਜੇਸ਼ ਠਾਕੁਰ ਤੋਂ ਇਲਾਵਾ ਬਾਲ ਗ੍ਰਹਿ ਦੀ ਸੁਪਰਡੈਂਟ ਇੰਦੂ ਕੁਮਾਰੀ, ਮੀਨੂੰ ਦੇਵੀ, ਚੰਦਾ ਦੇਵੀ, ਨੇਹਾ ਕੁਮਾਰੀ, ਕੇਸ ਵਰਕਰ ਹੇਮਾ ਈਸਾ, ਸਹਾਇਕ ਕਿਰਨ ਕੁਮਾਰੀ, ਸੀਪੀਓ ਸੂਰਿਆ ਕੁਮਾਰ, ਸੀਡਬਲਯੂਸੀ ਦੇ ਪ੍ਰਧਾਨ ਦਿਲਿਪ ਕੁਮਾਰ, ਵਿਕਾਸ ਕੁਮਾਰ, ਬ੍ਰਜੇਸ਼ ਠਾਕੁਰ ਦਾ ਡਰਾਈਵਰ ਵਿਜੈ ਤਿਵਾਰੀ ਸਮੇਤ 19 ਲੋਕਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ।
ਦੱਸਦਇਏ ਕਿ ਇਹ ਮਾਮਲਾ ਮੁਜੱਫਰਪੁਰ ਸ਼ੈਲਟਰ ਹੋਮ ਵਿੱਚ 34 ਲੜਕੀਆਂ ਦੇ ਜਿਨਸੀ ਸ਼ੋਸ਼ਣ ਨਾਲ ਜੁੜਿਆ ਹੈ। ਸੀਬੀਆਈ ਮੁਤਾਬਿਕ ਇਸ ਸ਼ੈਲਟਰ ਹੋਮ 'ਚ 34 ਲੜਕੀਆਂ 7 ਤੋਂ 17 ਸਾਲ ਦੀ ਉਮਰ ਦੀਆਂ ਸਨ, ਜਿਨ੍ਹਾਂ ਨਾਲ ਕਈ ਮਹੀਨਿਆਂ ਤੋਂ ਜਿਨਸੀ ਸ਼ੋਸ਼ਣ ਹੋ ਰਿਹਾ ਸੀ।
ਕੇਂਦਰੀ ਜਾਂਚ ਬਿਉਰੋ (ਸੀਬੀਆਈ) ਨੇ ਸੁਪਰੀਮ ਕੋਰਟ ਦੇ ਸਨਸਨੀਖੇਜ਼ ਖੁਲਾਸੇ ਵਿੱਚ ਕਿਹਾ ਸੀ ਕਿ ਬ੍ਰਜੇਸ਼ ਕੁਮਾਰ ਅਤੇ ਉਸ ਦੇ ਸਾਥੀਆਂ ਨੇ 11 ਕੁੜੀਆਂ ਦਾ ਕਤਲ ਕੀਤਾ ਸੀ। ਇਹ ਸ਼ੈਲਟਰ ਹੋਮ ਬ੍ਰਜੇਸ਼ ਠਾਕੁਰ ਚਲਾਉਂਦਾ ਸੀ, ਜੋ ਸਾਬਕਾ ਸਮਾਜ ਕਲਿਆਣ ਮੰਤਰੀ ਮੰਜੂ ਦੇ ਪਤੀ ਸ਼ਿਵ ਦਾ ਦੋਸਤ ਹੈ। 31 ਮਈ 2017 ਨੂੰ ਠਾਕੁਰ ਸਮੇਤ 11 ਲੋਕਾਂ ਦੇ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਸੀ। ਇਸ ਮਾਮਲੇ ਦੇ ਖੁਲਾਸੇ ਦੇ ਬਾਅਦ ਮੰਜੂ ਨੇ ਬਿਹਾਰ ਦੀ ਕੈਬਿਨੇਟ ਤੋਂ ਅਸਤੀਫ਼ਾ ਦਿੱਤਾ ਸੀ।