ਗੁਨਾ (ਮੱਧ ਪ੍ਰਦੇਸ਼): ਜ਼ਿਲ੍ਹੇ ਵਿੱਚ ਕਿਰਾਏ 'ਤੇ ਜ਼ਮੀਨ ਦੀ ਖੇਤੀ ਕਰ ਰਹੇ ਕਿਸਾਨ ਪਤੀ-ਪਤਨੀ ਵੱਲੋਂ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਨੇ ਹੁਣ ਰਾਜਨੀਤਿਕ ਰੰਗ ਲੈ ਲਿਆ ਹੈ। ਕੁੱਝ ਦਿਨ ਪਹਿਲਾਂ, ਗੁਨਾ ਜ਼ਿਲ੍ਹੇ ਦੇ ਕੈਂਟ ਥਾਣਾ ਖੇਤਰ ਵਿੱਚ ਇੱਕ ਕਾਲਜ ਦੀ ਜ਼ਮੀਨ ‘ਤੇ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਗਈ ਪੁਲਿਸ ਟੀਮ ਨੇ ਦਲਿਤ ਕਿਸਾਨ ਪਰਿਵਾਰ ਦੀ ਕੁੱਟਮਾਰ ਕੀਤੀ ਸੀ। ਜਿਸ ਤੋਂ ਬਾਅਦ ਕਿਸਾਨ ਜੋੜੇ ਨੇ ਕੀਟਨਾਸ਼ਕ ਪੀ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਇਸ ਕੁੱਟਮਾਰ ਦੀ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਇਸ ਵੀਡੀਓ ਵਿੱਚ, ਕੁੱਝ ਪੁਲਿਸ ਮੁਲਾਜ਼ਮ ਇੱਕ ਦਲਿਤ ਆਦਮੀ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਕੁੱਟਦੇ ਹੋਏ ਨਜ਼ਰ ਆ ਰਹੇ ਹਨ।
ਇਸ ਘਟਨਾ ਦੀ ਨਿੰਦਾ ਕਰਦੇ ਸੀ.ਐਮ. ਸ਼ਿਵਰਾਜ ਸਿੰਘ ਚੌਹਾਨ ਨੇ ਗੁਨਾ ਦੇ ਕਲੈਕਟਰ ਅਤੇ ਐਸਪੀ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਨਾਲ ਹੀ ਇਸ ਘਟਨਾ ਦੀ ਉੱਚ ਪੱਧਰੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ। ਇਸਦੇ ਨਾਲ, ਬਹੁਤ ਸਾਰੇ ਆਈਪੀਐਸ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਗਏ, ਜਿਸ ਦੀ ਨਵੀਂ ਸੂਚੀ ਜਾਰੀ ਕੀਤੀ ਗਈ ਹੈ।
ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਲਿਆ ਅਤੇ ਬੁੱਧਵਾਰ ਦੇਰ ਰਾਤ ਨੂੰ ਜ਼ਿਲ੍ਹਾ ਮੈਜਿਸਟਰੇਟ ਐਸ. ਵਿਸ਼ਵਨਾਥਨ ਅਤੇ ਪੁਲਿਸ ਸੁਪਰਡੈਂਟ ਤਰੁਣ ਨਾਇਕ ਨੂੰ ਮੁੱਅਤਲ ਕਰਨ ਦੇ ਆਦੇਸ਼ ਜਾਰੀ ਕੀਤੇ ਹਨ।
ਸਾਬਕਾ ਮੁੱਖ ਮੰਤਰੀ ਕਮਲ ਨਾਥ ਨੇ ਇਸ ਘਟਨਾ ਨੂੰ ਲੈ ਕੇ ਸ਼ਿਵਰਾਜ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਕਮਲ ਨਾਥ ਨੇ ਬੁੱਧਵਾਰ ਨੂੰ ਟਵੀਟ ਕੀਤਾ, "ਸ਼ਿਵਰਾਜ ਸਰਕਾਰ ਸੂਬੇ ਨੂੰ ਕਿਥੇ ਲੈ ਜਾ ਰਹੀ ਹੈ? ਇਹ ਕੀ ਹੈ ਜੰਗਲ ਰਾਜ? ਗੁਨਾ ਦੇ ਕੈਂਟ ਥਾਣਾ ਖੇਤਰ ਦੇ ਪੁਲਿਸ ਵਾਲਿਆਂ ਨੇ ਬਰਬਰਿਕ ਲਾਠੀਚਾਰਜ ਕੀਤਾ ਹੈ।" ਨਾਥ ਨੇ ਘਟਨਾ ਦੀ ਵੀਡੀਓ ਵੀ ਸਾਝੀ ਕੀਤੀ ਹੈ।
ਉਨ੍ਹਾਂ ਨੇ ਅੱਗੇ ਕਿਹਾ, “ਭਾਵੇਂ ਜ਼ਮੀਨ ਬਾਰੇ ਕੋਈ ਵਿਵਾਦ ਹੈ, ਤਾਂ ਇਸ ਦਾ ਕਾਨੂੰਨੀ ਤੌਰ ‘ਤੇ ਹੱਲ ਹੋ ਸਕਦਾ ਸੀ, ਪਰ ਇਸ ਤਰੀਕੇ ਨਾਲ ਕਾਨੂੰਨ ਨੂੰ ਹੱਥ ਵਿੱਚ ਲੈਂਦੇ ਹੋਏ, ਕਿਸਾਨ, ਉਸਦੀ ਪਤਨੀ, ਪਰਿਵਾਰ ਅਤੇ ਮਾਸੂਮ ਬੱਚਿਆਂ ਨੂੰ ਇੰਨੀ ਬੇਰਹਿਮੀ ਨਾਲ ਕੁੱਟਿਆ, ਇਹ ਕਿੱਥੇ ਦਾ ਇਨਸਾਫ ਹੈ? ਇਹ ਇਸ ਲਈ ਕਿਉਂਕਿ ਉਹ ਇੱਕ ਦਲਿਤ ਪਰਿਵਾਰ ਨਾਲ ਸਬੰਧਤ ਹਨ, ਅਤੇ ਇੱਕ ਗਰੀਬ ਕਿਸਾਨ ਹਨ?"
ਇਸ ਤੋਂ ਪਹਿਲਾਂ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਇਸ ਘਟਨਾ ਦੀ ਉੱਚ ਪੱਧਰੀ ਜਾਂਚ ਦੇ ਆਦੇਸ਼ ਦਿੱਤੇ ਹਨ।