ਕੁਰੂਕਸ਼ੇਤਰ: ਹਰਿਆਣਾ ਦੇ ਛੋਟੇ ਜਿਹੇ ਕਸਬੇ ਸ਼ਾਹਬਾਦ ਦੀ ਹਾਕੀ ਖਿਡਾਰੀ ਰਾਣੀ ਰਾਮਪਾਲ ਨੂੰ ਪਦਮ ਸ਼੍ਰੀ ਐਵਾਰਡ ਨਾਲ ਸਨਮਾਨਤ ਕੀਤੇ ਜਾਣ 'ਤੇ ਪਰਿਵਾਰ ਨੇ ਖੁਸ਼ੀ ਜ਼ਾਹਿਰ ਕਰਦੇ ਹੋਏ ਸਰਕਾਰ ਦਾ ਧੰਨਵਾਦ ਕੀਤਾ। ਰਾਣੀ ਰਾਮਪਾਲ ਹਰਿਆਣਾ ਦੀ ਇਕਲੌਤੀ ਖਿਡਾਰੀ ਹੈ, ਜਿਸ ਦਾ ਨਾਂਅ ਇਸ ਬਾਰ ਪਦਮ ਪੁਰਸਕਾਰ 'ਚ ਸ਼ਾਮਲ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਭਾਰਤ ਨੇ ਪਦਮ ਪੁਰਸਕਾਰ 2020 ਦਾ ਐਲਾਨ ਕੀਤਾ ਹੈ। ਇਸ ਬਾਰ 7 ਲੋਕਾਂ ਨੂੰ ਪਦਮ ਵਿਭੂਸ਼ਣ, 16 ਲੋਕਾਂ ਨੂੰ ਪਦਮ ਭੂਸ਼ਣ ਅਤੇ 118 ਲੋਕਾਂ ਨੂੰ ਪਦਮ ਸ਼੍ਰੀ ਮਿਲੇਗਾ। ਪਦਮ ਵਿਭੂਸ਼ਣ ਪਾਉਣ ਵਾਲਿਆਂ 'ਚ ਅਰੁਣ ਜੇਤਲੀ, ਸੁਸ਼ਮਾ ਸਵਰਾਜ ਅਤੇ ਐਮਸੀ ਮੈਰੀਕਾਮ ਦੇ ਨਾਮ ਵੀ ਸ਼ਾਮਲ ਹੈ।
ਹਰਿਆਣਾ ਦੇ ਛੋਟੇ ਜਿਹੇ ਕਸਬੇ ਦੀ ਰਹਿਣ ਵਾਲੀ ਰਾਣੀ ਰਾਮਪਾਲ ਨੇ ਚੌਥੀ ਜ਼ਮਾਤ 'ਚ ਹਾਕੀ ਹੱਥਾਂ 'ਚ ਫੜ੍ਹ ਲਈ ਸੀ। 4 ਦਸੰਬਰ 1994 ਸ਼ਾਹਾਬਾਦ ਮਾਰਕੰਡੀ 'ਚ ਰਾਮਪਾਲ ਤੇ ਰਾਮਮੂਰਤੀ ਦੇ ਘਰ ਜੰਮੀ ਧੀ ਦਾ ਨਾਂਅ ਰਾਣੀ ਰੱਖਿਆ ਗਿਆ। ਰਾਮਪਾਲ ਘੋੜਾ ਗੱਡੀ ਚਲ ਕੇ ਆਪਣੇ ਘਰ ਦੀ ਗੁਜ਼ਰ ਬਸਰ ਕਰਦਾ ਸੀ। ਧੀ ਦੇ ਜਿੱਦ ਕਰਨ 'ਤੇ ਚੌਥੀ ਜ਼ਮਾਤ 'ਚ ਉਸ ਨੂੰ ਹਾਕੀ ਸਟਿੱਕ ਫੜ੍ਹਾ ਦਿੱਤੀ ਸੀ। ਰਾਣੀ ਸਿਰਫ਼ 13 ਸਾਲ ਦੀ ਉਮਰ 'ਚ ਹੀ ਭਾਰਤੀ ਮਹਿਲਾ ਹਾਕੀ ਟੀਮ ਵਿੱਚ ਸ਼ਾਮਲ ਹੋ ਗਈ।