ਨਵੀਂ ਦਿੱਲੀ: ਅੱਜ ਦੇਸ਼ ਭਰ ਵਿੱਚ ਈਦ-ਉਲ-ਫਿਤਰ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਈਦ-ਉਲ-ਫਿਤਰ ਦਾ ਚੰਨ ਐਤਵਾਰ (24 ਮਈ) ਨੂੰ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਦੇਖਿਆ ਗਿਆ।ਚੰਨ ਨੂੰ ਵੇਖਣ ਤੋਂ ਬਾਅਦ ਜਿੱਥੇ ਲੋਕਾਂ ਨੇ ਇੱਕ ਦੂਜੇ ਨੂੰ ਈਦ ਦੀ ਵਧਾਈ ਦਿੱਤੀ, ਉੱਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਈਦ ਦੀਆਂ ਮੁਬਾਰਕਾਂ ਦਿੱਤੀਆਂ ਹਨ। ਇਸ ਮੌਕੇ ਪੀਐੱਮ ਨੇ ਤਾਲਾਬੰਦੀ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਈਦ ਮਨਾਉਣ ਦੀ ਅਪੀਲ ਕੀਤੀ।
ਦੇਸ਼ ਦੇ ਪ੍ਰਧਾਨ ਮੰਤਰੀ ਨਰਿਦੰਰ ਮੋਦੀ ਨੇ ਈਦ ਮੌਕੇ ਸਭ ਨੂੰ ਵਧਾਈ ਦਿੰਦਿਆ ਟਵੀਟ ਕੀਤਾ ਅਤੇ ਲਿਖਿਆ, 'ਈਦ ਮੁਬਾਰਕ! ਈਦ-ਉਲ-ਫਿਤਰ ਦੀ ਵਧਾਈ। ਇਸ ਵਿਸ਼ੇਸ਼ ਮੌਕੇ ‘ਤੇ ਭਾਈਚਾਰਕ ਸਾਂਝ ਅਤੇ ਸਦਭਾਵਨਾ ਦੀ ਭਾਵਨਾ ਅੱਗੇ ਵਧਾਓ। ਸਾਰੇ ਲੋਕ ਤੰਦਰੁਸਤ ਅਤੇ ਖੁਸ਼ਹਾਲ ਹੋਣ।’
ਉੱਥੇ ਹੀ ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਈਦ ਦੀਆਂ ਵਧਾਈਆਂ ਦਿੰਦਿਆ ਟਵੀਟ ਕੀਤਾ। ਉਨ੍ਹਾਂ ਲਿਖਿਆ ਕਿ, ‘ਈਦ ਦੇ ਸ਼ੁੱਭ ਮੌਕੇ 'ਤੇ, ਮੈਂ ਇਸ ਪਵਿੱਤਰ ਦਿਹਾੜੇ ਨੂੰ ਪੂਰੇ ਭਾਰਤ ਵਿੱਚ ਆਪਣੇ ਪਰਿਵਾਰ ਨਾਲ ਮਨਾਉਣ ਦੀ ਬੇਨਤੀ ਕਰਦਾ ਹਾਂ। ਮੈਂ ਜਾਣਦਾ ਹਾਂ ਕਿ ਇਹ ਤਿਉਹਾਰ ਦੇ ਜਸ਼ਨ ਨੂੰ ਥੋੜਾ ਜਿਹਾ ਘਟਾ ਸਕਦਾ ਹੈ, ਪਰ ਸਾਡੇ ਸਾਰਿਆਂ ਦਾ ਇਹ ਛੋਟਾ ਜਿਹਾ ਕਦਮ ਸਾਨੂੰ Covid -19 ਤੋਂ ਠੀਕ ਕਰਨ ਵਿੱਚ ਮਦਦ ਕਰੇਗਾ। ਸਭ ਨੂੰ ਵਧਾਈਆਂ, ਈਦ ਦੀਆਂ ਮੁਬਾਰਕਾਂ!’
ਤਾਲਾੰਬਦੀ ਕਾਰਨ ਈਦ ਦਾ ਜਸ਼ਨ ਪ੍ਰਭਾਵਿਤ
ਕੋਰੋਨਾ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਦੇਸ਼ ਵਿੱਚ ਤਾਲਾਬੰਦੀ ਹੈ ਅਤੇ ਮਸਜਿਦਾਂ ਸਮੇਤ ਸਾਰੇ ਧਾਰਮਿਕ ਸਥਾਨ ਬੰਦ ਹਨ। ਇਹੀ ਕਾਰਨ ਹੈ ਕਿ ਮੁਸਲਿਮ ਧਰਮ ਗੁਰੂਆਂ ਨੇ ਲੋਕਾਂ ਨੂੰ ਈਦ ਦੀ ਨਮਾਜ਼ ਅਦਾ ਘਰ ਬੈਠ ਕੇ ਕਰਨ ਲਈ ਕਿਹਾ ਹੈ। ਐਤਵਾਰ ਨੂੰ ਦਿੱਲੀ ਦੇ ਪ੍ਰਮੁੱਖ ਮੁਸਲਿਮ ਧਾਰਮਿਕ ਨੇਤਾਵਾਂ ਨੇ ਲੋਕਾਂ ਨੂੰ ਈਦ ਮਨਾਉਂਦੇ ਹੋਏ ਸਮਾਜਿਕ ਇਕੱਠ ਤੋਂ ਦੂਰੀ ਦੇ ਨਿਯਮਾਂ ਅਤੇ ਤਾਲਾਬੰਦੀ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ।
ਇਹ ਵੀ ਪੜ੍ਹੋ: ਈਦ ਮੌਕੇ ਸਿੱਖਾਂ ਨੇ ਪੇਸ਼ ਕੀਤੀ ਮਿਸਾਲ, ਜਾਮਾ ਮਸਜਿਦ ਨੂੰ ਕੀਤਾ ਸੈਨੇਟਾਈਜ਼
ਜਾਮਾ ਮਸਜਿਦ ਦੇ ਸ਼ਾਹੀ ਇਮਾਮ ਸਯਦ ਅਹਿਮਦ ਬੁਖਾਰੀ ਨੇ ਲੋਕਾਂ ਨੂੰ ਈਦ ਸਾਦਗੀ ਨਾਲ ਮਨਾਉਣ ਅਤੇ ਗਰੀਬ ਲੋਕਾਂ ਦੀ ਮਦਦ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ, “ਕੋਰੋਨਾ ਵਾਇਰਸ ਕਾਰਨ ਈਦ ਦੀ ਨਮਾਜ਼ ਰਵਾਇਤੀ ਤੌਰ ‘ਤੇ ਨਹੀਂ ਕੀਤੀ ਜਾਵੇਗੀ, ਪਰ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਸਾਵਧਾਨੀਆਂ ਵਰਤ ਕੇ ਹੀ ਕੋਰੋਨਾ ਵਾਇਰਸ ਨੂੰ ਹਰਾਇਆ ਜਾ ਸਕਦਾ ਹੈ।”
ਈਦ-ਉਲ-ਫਿਤਰ ਦਾ ਤਿਉਹਾਰ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਹਾਲਾਂਕਿ, ਇਸ ਵਾਰ, ਤਾਲਾਬੰਦੀ ਕਾਰਨ ਹਰ ਕੋਈ ਇਸ ਤਿਉਹਾਰ ਨੂੰ ਆਪਣੇ ਘਰਾਂ ਵਿੱਚ ਰਹਿ ਕੇ ਮਨਾਏਗਾ, ਜੋ ਕਿ ਕੋਰੋਨਾ ਵਾਇਰਸ ਦੇ ਪ੍ਰਕੋਪ ਤੋਂ ਬਚਣ ਲਈ ਜਾਰੀ ਹੈ। ਇਸਲਾਮੀ ਕੈਲੰਡਰ ਦੇ ਅਨੁਸਾਰ, ਸਾਲ ਵਿੱਚ ਆਉਣ ਵਾਲੀ ਪਹਿਲੀ ਈਦ ਨੂੰ ਈਦ-ਉਲ-ਫਿਤਰ ਜਾਂ ਮਿੱਠੀ ਈਦ ਕਿਹਾ ਜਾਂਦਾ ਹੈ। ਇਸ ਨੂੰ ਸੇਵੀਆਂ ਵਾਲੀ ਈਦ ਵੀ ਕਿਹਾ ਜਾਂਦਾ ਹੈ।