ਚੰਡੀਗੜ੍ਹ: 5 ਅਗਸਤ ਨੂੰ ਅਯੁੱਧਿਆ ਵਿੱਚ ਰਾਮ ਮੰਦਰ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਤਕਰੀਬਨ ਪੂਰੇ ਦੇਸ਼ ਵਿੱਚ ਦੀਵਾਲੀ ਵਾਲਾ ਮਾਹੌਲ ਸੀ ਪਰ ਇਸ ਨਾਲ ਇੱਕ ਨਵਾਂ ਵਿਵਾਦ ਵੀ ਸ਼ੁਰੂ ਹੋ ਗਿਆ।
ਇਸ ਖ਼ਾਸ ਮੌਕੇ 'ਤੇ ਸਾਰੇ ਧਰਮਾਂ ਦੇ ਆਗੂਆਂ ਨੂੰ ਸੱਦਾ ਪੱਤਰ ਦਿੱਤਾ ਗਿਆ ਸੀ ਜਿਸ ਵਿੱਚ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਇਕਬਾਲ ਸਿੰਘ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਕੁਝ ਅਜਿਹਾ ਕਿਹਾ ਕਿ ਜਿਸ ਨਾਲ ਵਿਵਾਦ ਖੜ੍ਹਾ ਹੋ ਗਿਆ।
ਰਾਮ ਮੰਦਰ ਦੇ ਭੂਮੀ ਪੂਜਨ ਮੌਕੇ ਸਾਬਕਾ ਜਥੇਦਾਰ ਅਤੇ ਪੀਐਮ ਦਾ ਵਿਵਾਦਤ ਬਿਆਨ ਇਕਬਾਲ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਰਾਮ ਚੰਦਰ ਅਤੇ ਲਵ-ਕੁਸ਼ ਦੇ ਵੰਸ਼ਜ਼ ਹਨ, ਜਿਸ ਤੋਂ ਬਾਅਦ ਇਹ ਸਾਰਾ ਵਿਵਾਦ ਸ਼ੁਰੂ ਹੋ ਗਿਆ। ਸਿੱਖ ਬੁੱਧੀਜੀਵੀਆਂ ਨੇ ਕਿਹਾ ਕਿ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦੇ ਇਲਜ਼ਾਮ ਦੇ ਤਹਿਤ ਇਕਬਾਲ ਨੂੰ ਅਕਾਲ ਤਖ਼ਤ 'ਤੇ ਤਲਬ ਕੀਤਾ ਜਾਣਾ ਚਾਹੀਦਾ ਹੈ।
ਇਸ ਤੋਂ ਇਲਾਵਾ ਇਸ ਧਾਰਮਿਕ ਸਮਾਗਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਕਿਹਾ ਕਿ ਸਿੱਖਾ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਗੋਬਿੰਦ ਰਮਾਇਣ ਲਿਖੀ ਹੈ।
ਜ਼ਿਕਰ ਕਰ ਦਈਏ ਕਿ ਜਥੇਦਾਰ ਇਕਬਾਲ ਸਿੰਘ ਪਹਿਲਾਂ ਵੀ ਕਈ ਵਾਰ ਚਰਚਾ ਵਿੱਚ ਰਹਿ ਚੁੱਕੇ ਹਨ। ਇਨ੍ਹਾਂ ਦੇ ਲੜਕੇ ਗੁਰਪ੍ਰਸ਼ਾਦ ਸਿੰਘ ਦੀ ਸਿਗਰਟ ਪੀਣ ਦੀ ਵੀਡੀਓ ਜਾਰੀ ਹੋਈ ਸੀ, ਇਸ ਤੋਂ ਇਲਾਵਾ ਇਕਬਾਲ ਸਿੰਘ ਨੇ 3 ਵਿਆਹ ਕਰਵਾਏ ਹੋਏ ਹਨ ਤੇ ਉਨ੍ਹਾਂ ਦੀ ਪਟਨਾ ਸਾਹਿਬ ਵਾਲੀ ਪਤਨੀ ਨੇ ਵੀ ਉਨ੍ਹਾਂ 'ਤੇ ਕਈ ਗੰਭੀਰ ਦੋਸ਼ ਲਗਾਏ ਸਨ।