ਨਵੀਂ ਦਿੱਲੀ: ਕਾਂਗਰਸ ਪਾਰਟੀ ਨੇ ਬੁੱਧਵਾਰ ਨੂੰ ਸੁਪਰੀਮ ਕੋਰਟ ਦੇ ਨਿਰਦੇਸ਼ ਦਾ ਸਵਾਗਤ ਕੀਤਾ ਕਿ ਕੋਵਿਡ-19 ਟੈਸਟ ਪ੍ਰਵਾਨਤ ਸਰਕਾਰੀ ਜਾਂ ਨਿਜੀ ਪ੍ਰਯੋਗਸ਼ਾਲਾਵਾਂ ਵਿੱਚ ਮੁਫ਼ਤ ਕੀਤੇ ਜਾਣੇ ਚਾਹੀਦੇ ਹਨ। ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਇਸ ਸਬੰਧੀ ਟਵੀਟ ਕੀਤਾ।
ਰਣਦੀਪ ਸੁਰਜੇਵਾਲਾ ਨੇ ਕਿਹਾ ਨੇ ਕਿਹਾ, "ਇੰਡੀਅਨ ਨੈਸ਼ਨਲ ਕਾਂਗਰਸ ਕੋਵਿਡ 19 ਦੇ 'ਮੁਫਤ ਟੈਸਟ' ਲਈ ਪਹਿਲੇ ਦਿਨ ਤੋਂ ਹੀ ਮੰਗ ਕਰ ਰਹੀ ਹੈ, ਪਰ ਮੋਦੀ ਸਰਕਾਰ 4,500 ਰੁਪਏ ਦੀ ਵਧੇਰੇ ਫੀਸ 'ਤੇ ਜ਼ੋਰ ਦੇ ਰਹੀ ਸੀ। ਸੁਪਰੀਮ ਕੋਰਟ ਦਾ ਧੰਨਵਾਦ! ਕੋਵਿਡ 19 ਦੀ ਲੜਾਈ ਵਿਰੁੱਧ ਲੋਕਾਂ ਦੀ ਇਹ ਇੱਛਾ ਪੂਰੀ ਹੋ ਗਈ।”
ਦੱਸ ਦਈਏ ਕਿ ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਕੇਂਦਰ ਸਰਕਾਰ ਨੂੰ ਨਿਰਦੇਸ਼ ਦਿੱਤਾ ਕਿ ਸਰਕਾਰ ਕੋਰੋਨਾ ਵਾਇਰਸ ਦਾ ਟੈਸਟ ਮੁਫ਼ਤ ਵਿੱਚ ਉਪਲਬਧ ਕਰਾਵੇ। ਦਰਅਸਲ, ਸੁਪਰੀਮ ਕੋਰਟ 'ਚ ਨਿੱਜੀ ਲੈਬਸ 'ਚ ਕੋਰੋਨਾ ਦੇ ਟੈਸਟ ਲਈ 4500 ਰੁਪਏ ਤੱਕ ਲੈਣ ਦੀ ਇਜਾਜ਼ਤ ਦੇਣ ਵਾਲੀ ਨੋਟੀਫਿਕੇਸ਼ਨ ਨੂੰ ਚੁਣੌਤੀ ਦਿੱਤੀ ਗਈ ਸੀ ਜਿਸ 'ਤੇ ਕੋਰਟ ਨੇ ਸਰਕਾਰ ਨੂੰ ਕਿਹਾ ਹੈ ਕਿ ਕੋਰੋਨਾ ਟੈਸਟ ਮੁਫ਼ਤ 'ਚ ਹੋਣਾ ਚਾਹੀਦਾ ਹੈ।
ਜ਼ਿਕਰਯੋਗ ਹੈ ਕਿ ਬੀਤੇ ਮਹੀਨੇ ਆਈਸੀਐਮਆਰ ਨੇ ਮਾਨਤਾ ਪ੍ਰਾਪਤ ਨਿੱਜੀ ਲੈਬਾਂ ਨੂੰ ਕੋਰੋਨਾ ਟੈਸਟ ਲਈ 4500 ਰੁਪਏ ਲੈਣ ਦੀ ਮਨਜ਼ੂਰੀ ਦਿੱਤੀ ਸੀ। ਇਸ ਵਿੱਚ ਸਕ੍ਰੀਨਿੰਗ ਦੇ 1500 ਰੁਪਏ ਅਤੇ ਕਨਰਫਮੇਸ਼ਨ ਟੈਸਟ ਲਈ 3,000 ਰੁਪਏ ਸ਼ਾਮਲ ਸਨ।
ਇਹ ਵੀ ਪੜ੍ਹੋ: ਪੰਜਾਬ 'ਚ ਕਰਫਿਊ ਵਧਾਉਣ ਸਬੰਧੀ ਕੈਪਟਨ ਸਰਕਾਰ ਦੀ ਸਫ਼ਾਈ