ਨਵੀਂ ਦਿੱਲੀ: ਭਾਰਤ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਤੇ ਹਰ ਦਿਨ ਕੋਰੋਨਾ ਦੇ ਕਈ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਇਸੇ ਵਿਚਾਲੇ ਹੁਣ ਸਤੰਬਰ ਵਿੱਚ NEET ਅਤੇ JEE ਦੀਆਂ ਪ੍ਰੀਖਿਆਵਾਂ ਹੋਣ ਜਾ ਰਹੀਆਂ ਹਨ। ਕੇਂਦਰ ਸਰਕਾਰ ਦੇ ਇਸ ਫ਼ੈਸਲੇ ਦੇ ਵਿਰੋਧ ਵਿੱਚ ਕਾਂਗਰਸ ਹੁਣ ਦੇਸ਼ ਵਿਆਪੀ ਪ੍ਰਦਰਸ਼ਨ ਕਰਨ ਜਾ ਰਹੀ ਹੈ।
ਕਾਂਗਰਸ 28 ਅਗਸਤ ਨੂੰ ਸਵੇਰੇ 11 ਵਜੇ ਤੋਂ ਰਾਜ ਅਤੇ ਜ਼ਿਲ੍ਹਾ ਹੈੱਡਕੁਆਰਟਰਾਂ ਵਿਖੇ ਕੇਂਦਰ ਸਰਕਾਰ ਦੇ ਦਫਤਰਾਂ ਅੱਗੇ ਦੇਸ਼ ਵਿਆਪੀ ਪ੍ਰਦਰਸ਼ਨ ਕਰੇਗੀ। ਕਾਂਗਰਸ ਵੱਲੋਂ ਵਿਰੋਧ ਪ੍ਰਦਰਸ਼ਨ ਕਰਨ ਲਈ ਇਕ ਆਨ ਲਾਈਨ ਮੁਹਿੰਮ ਵੀ ਚਲਾਈ ਜਾਵੇਗੀ। ਕਾਂਗਰਸ ਵੱਲੋਂ 28 ਅਗਸਤ ਨੂੰ ਸੋਸ਼ਲ ਮੀਡੀਆ 'ਤੇ ਦੇਸ਼ ਵਿਆਪੀ ਆਨਲਾਈਨ ਮੁਹਿੰਮ #SpeakUpForStudentSaftey ਚਲਾਈ ਜਾਵੇਗੀ।
ਪਾਰਟੀ ਦੇ ਜਨਰਲ ਸੱਕਤਰ ਕੇਸੀ ਵੇਣੂਗੋਪਾਲ ਵੱਲੋਂ ਜਾਰੀ ਬਿਆਨ ਮੁਤਾਬਕ, ਰਾਜ ਕਾਂਗਰਸ ਕਮੇਟੀ ਦੇ ਆਗੂ ਅਤੇ ਵਰਕਰ ਕੇਂਦਰ ਸਰਕਾਰ ਨਾਲ ਸਬੰਧਿਤ ਦਫ਼ਤਰਾਂ ਦੇ ਬਾਹਰ ਸਮਾਜਿਕ ਦੂਰੀ ਦੀ ਪਾਲਣਾ ਕਰਦੇ ਹੋਏ ਧਰਨਾ ਦੇਣਗੇ। ਵੇਣੂਗੋਪਾਲ ਨੇ ਦੋਸ਼ ਲਾਇਆ ਕਿ ਕੋਰੋਨਾ ਸੰਕਟ ਵਿਚਾਲੇ ਇਹ ਪ੍ਰੀਖਿਆਵਾਂ ਕਰਵਾਉਣ ਦਾ ਫੈਸਲਾ ਤਾਨਾਸ਼ਾਹੀ ਹੈ ਅਤੇ ਇਸ ਨਾਲ ਬੱਚਿਆਂ ਦੀ ਸਿਹਤ ਨੂੰ ਖ਼ਤਰਾ ਹੋਵੇਗਾ।
ਇਸ ਤੋਂ ਪਹਿਲਾਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ NEET ਅਤੇ JEE ਪ੍ਰੀਖਿਆਵਾਂ ਦੇ ਸਬੰਧ ਵਿੱਚ ਕਾਂਗਰਸ ਸ਼ਾਸਿਤ ਸੂਬਿਆਂ ਦੇ ਮੁੱਖ ਮੰਤਰੀਆਂ ਦੀ ਇੱਕ ਮੀਟਿੰਗ ਸੱਦੀ ਹੈ। ਇਸ ਵਿਚ ਸ਼ਾਮਲ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨੇ ਕੋਰੋਨਾ ਕਾਲ ਵਿੱਚ NEET ਅਤੇ JEE ਦੀ ਪ੍ਰੀਖਿਆ ਮੁਲਤਵੀ ਕਰਨ ਦੀ ਮੰਗ ਕੀਤੀ ਜਿਸ ਤੋਂ ਬਾਅਦ ਇਨ੍ਹਾਂ ਰਾਜਾਂ ਦੇ ਮੁੱਖ ਮੰਤਰੀਆਂ ਨੇ ਫੈਸਲਾ ਲਿਆ ਹੈ ਕਿ ਉਹ ਸਤੰਬਰ ਵਿੱਚ ਹੋਣ ਜਾ ਰਹੀ NEET ਅਤੇ JEE ਪ੍ਰੀਖਿਆ ਦੇ ਵਿਰੁੱਧ ਸੁਪਰੀਮ ਕੋਰਟ ਜਾਣਗੇ।