ਨਵੀਂ ਦਿੱਲੀ: ਕਾਂਗਰਸ ਪਾਰਟੀ ਨੇ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਕਾਂਗਰਸ ਦੇ ਬੁਲਾਰੇ ਸੁਰਜੇਵਾਲਾ ਨੇ ਟਵੀਟ ਦੀ ਲੜੀ ਵਿੱਚ ਕਿਹਾ ਕਿ ਸਿਰਫ਼ 2019 ਵਿੱਚ ਹੀ ਦੇਸ਼ ਵਿੱਚ 42,480 ਕਿਸਾਨ-ਮਜ਼ਦੂਰਾਂ ਨੇ ਖ਼ੁਦਕੁਸ਼ੀ ਕੀਤੀ ਹੈ।
ਉਨ੍ਹਾਂ ਕਿਹਾ ਕਿ ਐਨ.ਸੀ.ਆਰ.ਬੀ. ਦੇ ਅੰਕੜੇ ਦੱਸ ਰਹੇ ਹਨ ਕਿ ਭਾਜਪਾ ਸਰਕਾਰ ਦੇ ਮਾੜੇ ਪ੍ਰਬੰਧਾਂ ਤੋਂ ਆਰਥਿਕ ਮੰਦਹਾਲੀ ਨਾਲ ਨੌਜਵਾਨ, ਕਿਸਾਨ ਤੇ ਰੋਜ਼ਾਨਾ ਮਜ਼ਦੂਰ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਕਿਸਾਨ ਖ਼ੁਦਕੁਸ਼ੀਆਂ ਕਰਨ ਲਈ ਮਜ਼ਬੂਰ ਹਨ ਅਤੇ 116 ਕਿਸਾਨ ਹਰ ਰੋਜ ਖ਼ੁਦਕੁਸ਼ੀਆਂ ਕਰਨ ਲਈ ਮਜ਼ਬੂਰ ਹਨ।
ਉਨ੍ਹਾਂ ਕਿਹਾ ਕਿ ਸਾਲ 2019 ਵਿੱਚ 14,019 ਬੇਰੁਜ਼ਗਾਰ ਖ਼ੁਦਕੁਸ਼ੀਆਂ ਕਰਨ ਲਈ ਮਜ਼ਬੂਰ ਹੋਏ ਸਨ। ਸਭ ਤੋਂ ਚਿੰਤਾ ਵਾਲੀ ਗੱਲ ਇਹ ਹੈ ਕਿ ਇਹ ਅੰਕੜੇ ਕੋਰੋਨਾ ਮਹਾਂਮਾਰੀ ਤੋਂ ਬਹੁਤ ਪਹਿਲਾਂ ਦੇ ਹਨ। ਉਨ੍ਹਾਂ ਪ੍ਰਧਾਨ ਮੰਤਰੀ ਮੋਦੀ 'ਤੇ ਨਿਸ਼ਾਨਾ ਸਾਧਦੇ ਕਿਹਾ ਕਿ ਸ੍ਰੀਮਾਨ ਜੀ, ਤੁਹਾਨੂੰ ਰਾਤ ਨੂੰ ਨੀਂਦ ਕਿਵੇਂ ਆਉਂਣੀ ਹੈ? ਮੋਦੀ ਜੀ, ਦੇਸ਼ ਦੀ ਸਾਰ ਲਓ, ਸੱਤਾ ਦਾ ਹੰਕਾਰ ਛੱਡੋ, ਕਿਸਾਨਾਂ ਦਾ ਕਰਜ਼ਾ ਮੁਆਫ਼ ਕਰੋ, ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦਿਓ।
ਉਨ੍ਹਾਂ ਕਿਹਾ ਕਿ ਪ੍ਰਬੰਧਨ ਦੀ ਅਸਫਲਤਾ ਤੇ ਫ਼ੇਲ੍ਹ ਤਾਲਾਬੰਦੀ ਕਾਰਨ ਇਸ ਸਾਲ 2020 ਦੇ ਅੰਕੜੇ ਜਦੋਂ ਆਉਂਗੇ ਤਾਂ ਹਾਲਾਤ ਹੋਰ ਵੀ ਭਿਆਨਕ ਹੋਣਗੇ।