ਨਵੀਂ ਦਿੱਲੀ: ਮਹਾਰਾਸ਼ਟਰ ਵਿੱਚ ਸਰਕਾਰ ਬਣਾਉਣ ਨੂੰ ਲੈ ਕੇ ਕਾਂਗਰਸ-ਐਨਸੀਪੀ ਅਤੇ ਸ਼ਿਵ ਸੈਨਾ ਨੇ ਰਾਜਪਾਲ ਨੂੰ ਪੱਤਰ ਸੌਂਪਿਆ। ਹੈਰਾਨੀ ਦੀ ਗੱਲ ਇਹ ਹੈ ਕਿ ਪੱਤਰ ਵਿੱਚ ਇਹ ਨਹੀਂ ਦੱਸਿਆ ਗਿਆ ਕਿ ਕਿਸ ਦੀ ਅਗਵਾਈ ਵਿੱਚ ਸਰਕਾਰ ਬਣੇਗੀ ਜਾਂ ਕੌਣ ਮੁੱਖ ਮੰਤਰੀ ਹੋਵੇਗਾ।
ਰਾਜਪਾਲ ਨੂੰ ਸੌਂਪਿਆ ਗਿਆ ਪੱਤਰ ਮਰਾਠੀ ਵਿੱਚ ਲਿਖੇ ਇਸ ਪੱਤਰ ਵਿੱਚ ਕਾਂਗਰਸ ਵਿਧਾਇਕ ਦਲ ਦੇ ਆਗੂ ਨਹੀਂ ਬਲਕਿ ਸੂਬਾ ਕਾਂਗਰਸ ਪ੍ਰਧਾਨ ਨੇ ਦਸਤਖ਼ਤ ਹਨ। ਦੂਜੇ ਪਾਸੇ ਇਹ ਵੀ ਸਪੱਸ਼ਟ ਨਹੀਂ ਕੀਤਾ ਜਾ ਰਿਹਾ ਕਿ ਉੱਧਵ ਠਾਕਰੇ ਹੀ ਗੱਠਜੋੜ ਵੱਲੋਂ ਮੁੱਖ ਮੰਤਰੀ ਹੋਣਗੇ ਅਤੇ ਅਜੇ ਵੀ ਸ਼ਿਵ ਸੈਨਾ ਵਿਧਾਇਕ ਦਲ ਦੇ ਆਗੂ ਏਕਨਾਥ ਸ਼ਿੰਦੇ ਹੀ ਹਨ।
ਦੱਸ ਦਈਏ ਕਿ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੂੰ 105, ਸ਼ਿਵ ਸੈਨਾ ਨੂੰ 56, ਐਨਸੀਪੀ ਨੂੰ 54 ਅਤੇ ਕਾਂਗਰਸ ਨੂੰ 44 ਸੀਟਾਂ ਮਿਲੀਆਂ ਸਨ। ਭਾਜਪਾ ਅਤੇ ਸ਼ਿਵ ਸੈਨਾ ਨੇ ਮਿਲ ਕੇ 145 ਦਾ ਆਂਕੜਾ ਪਾਰ ਕਰ ਲਿਆ ਸੀ ਪਰ ਸ਼ਿਵ ਸੈਨਾ ਨੇ 50-50 ਫਾਰਮੂਲੇ ਦੀ ਮੰਗ ਰੱਖੀ ਜਿਸ ਮੁਤਬਾਕ ਢਾਈ-ਢਾਈ ਸਾਲ ਸਰਕਾਰ ਚਲਾਉਣ ਦੀ ਗੱਲ ਹੋ ਰਹੀ ਸੀ।
ਸ਼ਿਵ ਸੈਨਾ ਦਾ ਕਹਿਣਾ ਹੈ ਕਿ ਭਾਜਪਾ ਨਾਲ ਸਮਝੌਤਾ ਇਸ ਫਾਰਮੂਲੇ ਉੱਤੇ ਹੋਇਆ ਸੀ ਪਰ ਭਾਜਪਾ ਦਾ ਦਾਅਵਾ ਹੈ ਕਿ ਅਜਿਹਾ ਕੋਈ ਸਮਝੌਤਾ ਨਹੀਂ ਹੋਇਆ। ਇਸੇ ਨੂੰ ਲੈ ਕੇ ਮਤਭੇਦ ਇੰਨੇ ਵਧ ਗਏ ਕਿ ਦੋਵਾਂ ਧਿਰਾਂ ਦੀ ਦੋਸਤੀ ਟੁੱਟ ਗਈ। ਇਸ ਤੋਂ ਬਾਅਦ ਕਈ ਮੀਟਿੰਗਾਂ ਹੋਈਆਂ ਜਿਸ ਵਿੱਚ ਕਾਂਗਰਸ-ਐਨਸੀਪੀ ਅਤੇ ਸ਼ਿਵ ਸੈਨਾ ਨੇ ਉੱਧਵ ਠਾਕਰੇ ਦੀ ਅਗਵਾਈ ਵਿੱਚ ਸਰਕਾਰ ਬਣਾਉਣ ਦਾ ਫੈਸਲਾ ਕੀਤਾ।
ਸਨਿੱਚਰਵਾਰ ਨੂੰ ਤਿੰਨੋਂ ਪਾਰਟੀਆਂ ਦਾਅਵੇ ਪੇਸ਼ ਕਰਨ ਲਈ ਰਾਜ ਭਵਨ ਜਾ ਰਹੀਆਂ ਸਨ ਪਰ ਬੀਜੇਪੀ ਨੇ ਰਾਤੋ ਰਾਤ ਹੀ ਅਜੀਤ ਪਵਾਰ ਨਾਲ ਮਿਲ ਕੇ ਸਾਰੀ ਬਾਜ਼ੀ ਪਲਟ ਦਿੱਤੀ ਅਤੇ ਦੇਵੇਂਦਰ ਫੜਨਵੀਸ ਨੂੰ ਮਹਾਰਾਸ਼ਟਰ ਦਾ ਮੁੱਖ ਮੰਤਰੀ ਬਣਾ ਦਿੱਤਾ ਗਿਆ। ਉਸ ਨੇ ਸਵੇਰੇ 8 ਵਜੇ ਮੁੱਖ ਮੰਤਰੀ ਅਹੁਦੇ ਲਈ ਸਹੁੰ ਵੀ ਚੁੱਕ ਲਈ ਅਤੇ ਅਜੀਤ ਪਵਾਰ ਨੂੰ ਉਪ ਮੁੱਖ ਮੰਤਰੀ ਬਣਾਇ ਗਿਆ।