ਚੰਡੀਗੜ੍ਹ: ਨੋਵਲ ਕੋਰੋਨਾਵਾਇਰਸ, ਜੋ ਕਿ ਪਹਿਲੋ ਪਹਿਲ, ਤਿੰਨ ਮਹੀਨੇ ਪਹਿਲਾਂ ਚੀਨ ਦੇ ਵੁਹਾਨ ਸ਼ਹਿਰ ਵਿੱਚ ਪ੍ਰਗਟ ਹੋਇਆ ਸੀ, ਹੁਣ ਵਿਸ਼ਵ ਭਰ ਦੇ 190 ਤੋਂ ਵੱਧ ਦੇਸ਼ਾਂ ਵਿੱਚ ਫੈਲ ਚੁੱਕਿਆ ਹੈ। ਦੁਨੀਆ ਭਰ ਦੇ ਵਿੱਚ ਕਰੋਨਾ ਦੇ ਸੰਕਰਮਣ ਦੇ ਮਾਮਲਿਆਂ ਦੀ ਗਿਣਤੀ 6,00,000 ਤੋਂ ਉੱਪਰ ਹੋ ਗਈ ਹੈ ਅਤੇ ਇਸ ਦੇ ਕਾਰਨ ਹੀ 30,000 ਤੋਂ ਵੱਧ ਮੌਤਾਂ ਹੁਣ ਦਰਜ ਕੀਤੀਆਂ ਜਾ ਚੁੱਕੀਆਂ ਹਨ। ਜੇ ਕਰ ਇਸ ਵਾਇਰਸ ਦੇ ਸੰਕਰਮਣ ਨੂੰ ਰੋਕਣ ਲਈ ਕੋਈ ਫ਼ੌਰੀ ਕਾਰਵਾਈ ਨਹੀਂ ਕੀਤੀ ਜਾਂਦੀ, ਤਾਂ ਸਿਰਫ ਸੰਯੁਕਤ ਰਾਜ ਅਮਰੀਕਾ ਦੇ ਵਿੱਚ ਵਿੱਚ ਹੀ ਇਸ ਦੇ ਕਾਰਨ ਮਰਨ ਵਾਲਿਆਂ ਦੀ ਗਿਣਤੀ 22 ਲੱਖ ਤੋਂ ਉੱਪਰ ਹੋਣ ਦਾ ਅਨੁਮਾਨ ਹੈ। ਇਹ ਗਿਣਤੀ ਇਸ ਮਹਾਂਮਾਰੀ ਦੀ ਗੰਭੀਰਤਾ ਨੂੰ ਦਰਸਾਉਂਦੀ ਹੈ, ਜਿਵੇਂ ਕਿ ਵਿਸ਼ਵ ਸਿਹਤ ਸੰਗਠਨ ਦੁਆਰਾ ਘੋਸ਼ਿਤ ਕੀਤਾ ਗਿਆ ਹੈ। ਫਰਾਂਸ, ਜਰਮਨੀ, ਇਟਲੀ ਅਤੇ ਦੱਖਣੀ ਕੋਰੀਆ ਵਰਗੇ ਦੇਸ਼ ਇਸ ਵਿਸ਼ਾਣੂ ਦੇ ਫੈਲਾਅ ਨੂੰ ਰੋਕਣ ਵਿੱਚ ਅਸਮਰੱਥ ਰਹੇ ਹਨ। ਪੂਰੀ ਦੁਨੀਆ ਦੇ ਵਿੱਚ ਇਸ ਰੋਗ ਦੇ ਸੰਕਰਮਣ ਦੇ ਪਹਿਲੇ 1,00,000 ਮਾਮਲਿਆਂ ਨੂੰ ਦਰਜ ਕੀਤੇ ਜਾਣ ਵਿੱਚ 45 ਦਿਨ ਲੱਗੇ ਸਨ, ਜਦੋਂਕਿ ਅਗਲੇ ਮਹਿਜ਼ 9 ਦਿਨਾਂ ਵਿਚ ਹੀ ਇਹ ਗਿਣਤੀ ਦੁੱਗਣੀ ਹੋ ਕੇ 2,00,000 ਤੋਂ ਉੱਪਰ ਹੋ ਗਈ ਸੀ। ਪ੍ਰਧਾਨ ਮੰਤਰੀ ਮੋਦੀ ਨੇ ਇਸ ਬਿਮਾਰੀ ਦੀ ਲਾਗ ਦੀ ਰੋਕਥਾਮ ਲਈ 22 ਮਾਰਚ ਨੂੰ ਦੇਸ਼ ਵਿਆਪੀ ਕਰਫਿਊ ਨਾਫ਼ਸ ਕਰ ਦਿੱਤਾ। ਉਹਨਾਂ ਨੇ ਕੋਵਿਡ -19 ਦੀ ਇਸ ਮਹਾਂਮਾਰੀ ਨੂੰ ਕਿਸੇ ਵੀ ਵਿਸ਼ਵ ਯੁੱਧ ਨਾਲੋਂ ਕਿਤੇ ਵਧੇਰੇ ਘਾਤਕ ਦੱਸਿਆ। ਤੇਲੰਗਾਨਾ ਦੇ ਮੁੱਖ ਮੰਤਰੀ, ਕੇ.ਸੀ.ਆਰ. ਨੇ ਵੀ ਪ੍ਰਧਾਨ ਮੰਤਰੀ ਦੇ ਵੱਲੋਂ ਚੁੱਕੇ ਗਏ ਇਸ ਕਦਮ ਦੀ ਪ੍ਰੋੜਤਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਸਮੱਸਿਆ ਦਾ ਸਰਵੋਤਮ ਹੱਲ ਲੋਕਾਂ ਵੱਲੋਂ ਰੋਜ਼ਮੱਰਾ ਦੀ ਜ਼ਿੰਦਗੀ ਦੇ ਵਿੱਚ ਸਮਾਜਿਕ ਦੂਰੀ ਬਣਾਈ ਰੱਖਣਾ ਹੈ। ਭਾਰਤ ਨਾਲੋਂ ਕਿਤੇ ਬਿਹਤਰ ਸਿਹਤ ਸੰਭਾਲ ਪ੍ਰਣਾਲੀ ਵਾਲੇ ਅਨੇਕਾਂ ਦੇਸ਼ ਇਸ ਵਿਸ਼ਾਣੂ ਦੇ ਫੈਲਣ ਦੇ ਸ਼ੁਰੂਆਤੀ ਦਿਨਾਂ ਦੌਰਾਨ ਆਪਣੀ ਲਾਪਰਵਾਹੀ ਦੇ ਚਲਦਿਆਂ ਅੱਜ ਭਾਰੀ ਜਾਨੀ ਤੇ ਮਾਲੀ ਕੀਮਤ ਅਦਾ ਕਰ ਰਹੇ ਹਨ। ਇਟਲੀ ਦੀ ਬਹੁਤ ਦੁਰਦਸ਼ਾ ਹੋ ਰੱਖੀ ਹੈ ਤੇ ਉਥੇ ਇਸ ਬਿਮਾਰੀ ਦੇ ਸੰਕਰਮਣ ਕਾਰਨ ਹੋ ਰਹੀਆਂ ਹਰ ਰੋਜ਼ ਦੀਆਂ ਸੈਂਕੜੇ ਲੋਕਾਂ ਦੀਆਂ ਮੌਤਾਂ ਦਾ ਸਭ ਤੋਂ ਪ੍ਰਮੁੱਖ ਕਾਰਨ ਉਸ ਦੇ ਨਾਗਰਿਕਾਂ ਵਿਚਲੀ ਉਦਾਸੀਨਤਾ ਅਤੇ ਸਰਕਾਰ ਦੇ ਮੰਦਭਾਗੇ ਰਵੱਈਆ ਹੀ ਸੀ। ਸਾਡੀਆਂ ਸਰਕਾਰਾਂ ਅਤੇ ਲੋਕਾਂ ਦੇ ਨੁਮਾਇੰਦਿਆਂ ਨੂੰ ਭਾਰਤ ਨੂੰ ਇਸ ਕਿਸਮ ਦੀ ਤਬਾਹੀ ਤੋਂ ਬਚਾਉਣ ਲਈ ਕੁਝ ਇੱਕ ਜ਼ਰੂਰੀ ਉਪਾਅ ਕਰਨੇ ਚਾਹੀਦੇ ਹਨ। ਭਾਰਤ ਦੀ ਆਬਾਦੀ ਦਾ ਤਕਰੀਬਨ 66 ਪ੍ਰਤੀਸ਼ਤ ਹਿੱਸਾ ਅਜੇ ਵੀ ਪੇਂਡੂ ਖੇਤਰਾਂ ਵਿੱਚ ਰਹਿੰਦਾ ਹੈ। ਇਸ ਵਾਇਰਸ ਨੂੰ ਨਿਯੰਤਰਿਤ ਕਰਨ ਵੱਲ ਪਹਿਲਾ ਕਦਮ ਨਿੱਜੀ ਸਵੱਛਤਾ ਨੂੰ ਅਪਣਾਉਣਾ ਹੈ। ਇਸ ਬਾਬਤ ਲੋਕਾਂ ਨੂੰ ਕੇਂਦਰ ਅਤੇ ਰਾਜ ਸਰਕਾਰਾਂ ਦੇ ਨਾਲ - ਨਾਲ ਸਰਗਰਮ ਭੂਮਿਕਾ ਨਿਭਾਉਣੀ ਚਾਹੀਦੀ ਹੈ। ਜੇ ਅਸੀਂ ਨਿੱਜੀ ਪੱਧਰ 'ਤੇ ਸਾਵਧਾਨੀ ਵਰਤ ਸਕਦੇ ਹਾਂ ਅਤੇ ਸਰਕਾਰੀ ਪਾਬੰਦੀਆਂ ਦੀ ਪਾਲਣਾ ਕਰ ਸਕਦੇ ਹਾਂ, ਤਾਂ ਅੱਧੀ ਲੜਾਈ ਤਾਂ ਇਉਂ ਸਹਿਜੇ ਹੀ ਜਿੱਤ ਲਈ ਜਾਂਦੀ ਹੈ!
ਕੋਵਿਡ – 19 ਵਾਇਰਸ, ਜੋ ਮੁੱਖ ਤੌਰ ਤੇ ਖੰਘ ਅਤੇ ਛਿੱਕ ਰਾਹੀਂ ਫੈਲਦਾ ਹੈ, ਦੇ ਫ਼ੈਲਾਅ ਨੂੰ ਠੱਲਣ ਲਈ, ਸਾਰੇ ਦੇਸ਼ਾਂ ਦੇ ਵਿੱਚ ਧਾਰਮਿਕ ਅਸਥਾਨ, ਥੀਏਟਰ, ਅਜਾਇਬ ਘਰ, ਜਿਮਨੇਜ਼ੀਅਮ ਅਤੇ ਸਕੂਲ ਆਦਿ ਬੰਦ ਕੀਤੇ ਜਾ ਰਹੇ ਹਨ। ਨਿਊ ਜਰਸੀ ਅਤੇ ਸੈਨ ਫਰਾਂਸਿਸਕੋ ਵਰਗੇ ਸ਼ਹਿਰਾਂ ਦੇ ਵਿਚ ਕਰਫਿਊ ਲਗਾਏ ਗਏ ਹਨ। ਫਰਾਂਸ ਅਤੇ ਸਪੇਨ ਵਰਗੇ ਦੇਸ਼ਾਂ ਦੇ ਵਿਚ ਸਖਤ ਪਾਬੰਦੀਆਂ ਆਇਦ ਕੀਤੀਆਂ ਜਾ ਰਹੀਆਂ ਹਨ। ਰੂਸ ਨੇ ਵਿਦੇਸ਼ੀ ਯਾਤਰੀਆਂ ਦੇ ਦੇਸ਼ ਵਿੱਚ ਦਾਖਲ ਹੋਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਦੇਸ਼ ਦੇ ਇੱਕ ਖਿੱਤੇ ਦੇ ਅੰਦਰ ਹੀ ਇਸ ਮਹਾਂਮਾਰੀ ਨੂੰ ਸੀਮਤ ਕਰ ਕੇ ਰੱਖ ਦੇਣ ਵਾਲੀ ਚੀਨ ਦੀ ਰਣਨੀਤੀ ਨੂੰ ਇੱਕ ਉਦਾਹਰਣ ਦੇ ਵਜੋਂ ਲਿਆ ਜਾਣਾ ਚਾਹੀਦਾ ਹੈ। ਚੀਨ ਸਰਕਾਰ ਨੇ ਬਾਹਰੀ ਲੋਕਾਂ ਨੂੰ ਸੰਕਰਮਿਤ ਸ਼ਹਿਰਾਂ ਵਿਚ ਜਾਣ ਤੋਂ ਰੋਕਣ ਲਈ ਲੱਖਾਂ ਦੀ ਤਦਾਦ ਵਿੱਚ ਨਿਗਰਾਨ ਅਧਿਕਾਰੀ ਤਾਇਨਾਤ ਕੀਤੇ। ਜੇ ਭਾਰਤ ਦਾ ਹਰ ਪਿੰਡ ਸਵੈਇੱਛਤ ਤੌਰ 'ਤੇ ਇਸ ਨਿਯਮ ਨੂੰ ਲਾਗੂ ਕਰ ਸਕਦਾ ਹੈ, ਤਾਂ ਅਸੀਂ ਕੋਰੋਨਵਾਇਰਸ ਦੇ ਵਿਰੁੱਧ ਇਸ ਲੜਾਈ ਦੇ ਵਿੱਚ ਬੜੀ ਹੀ ਅਸਾਨੀ ਦੇ ਨਾਲ ਜਿੱਤ ਪ੍ਰਾਪਤ ਕਰ ਸਕਦੇ ਹਾਂ। ਤੇਲੰਗਾਨਾ ਦੇ ਵਿੱਚ ਸਾਹਮਣੇ ਆਉਣ ਵਾਲੇ ਸੰਕਰਮਣ ਦੇ ਮਾਮਲਿਆਂ ਵਿੱਚ ਬਹੁਤੇ ਕੇਸ ਵਿਦੇਸ਼ੀਆਂ ਦੇ ਹੀ ਸਨ। ਮਸ਼ਵਰਾ ਇਹ ਦਿੱਤਾ ਜਾ ਰਿਹਾ ਹੈ ਕਿ ਸਾਰੇ ਦੇ ਸਾਰੇ ਪਿੰਡ ਕੁਝ ਸਮੇਂ ਲਈ ਪਿੰਡੋਂ ਬਾਹਰਲੇ ਕਿਸੇ ਵੀ ਵਿਅਕਤੀ ਨੂੰ ਪਿੰਡ ਵਿਚ ਦਾਖਲ ਨਾ ਹੋਣ ਦੇਣ। ਥੋੜੇ ਸਮੇਂ ਲਈ, ਪਿੰਡਾਂ ਦੇ ਸਾਰੇ ਮੈਂਬਰਾਂ ਨੂੰ ਇਸ ਸੰਬੰਧੀ ਆਪਣੇ ਤਮਾਮ ਰਾਜਨੀਤਿਕ ਮਤਭੇਦਾਂ ਨੂੰ ਦਰ ਕਿਨਾਰ ਰਕ ਦੇਣਾ ਚਾਹੀਦਾ ਹੈ। ਅਤੇ ਜੇ ਕਿਸੇ ਬਾਹਰੀ ਵਿਅਕਤੀ ਦਾ ਪਿੰਡ ਵਿੱਚ ਪ੍ਰਵੇਸ਼ ਬੇਹਦ ਲਾਜ਼ਮੀ ਹੈ, ਤਾਂ ਆਉਣ ਵਾਲੇ ਵਿਅਕਤੀ ਨੂੰ 2 ਹਫਤਿਆਂ ਦੇ ਵਕਫ਼ੇ ਲਈ ਅਲੱਗ - ਥਲੱਗ ਕਰ ਕੇ ਰੱਖਣਾ ਚਾਹੀਦਾ ਹੈ ਕਿ ਜਿਸ ਦੇ ਨਾਲ ਇਸ ਵਾਇਰਸ ਦੇ ਸੰਕਰਮਣ ਦੇ ਫੈਲਣ ਦੀ ਸੰਭਾਵਨਾ ਘੱਟ ਹੋ ਜਾਵੇ। ਹੱਥਾਂ ਨੂੰ ਵਾਰ ਵਾਰ ਸਾਬਣ ਨਾਲ ਸਾਫ ਕਰਨਾ, ਹਰ ਕਿਸਮ ਦੇ ਤਿਉਹਾਰ ਅਤੇ ਪਾਰਟੀਆਂ ਨੂੰ ਮੁਲਤਵੀ ਕਰਨਾ ਜਾਂ ਪਰਹੇਜ਼ ਕਰਨਾ ਆਦਿ ਸੰਪਰਕ ਨਾਲ ਹੋਣ ਵਾਲੀ ਇਸ ਬਿਮਾਰੀ ਦੀ ਲਾਗ ਦੀ ਸੰਭਾਵਨਾ ਨੂੰ ਘਟਾ ਦੇਵੇਗਾ।