ਚੰਡੀਗੜ੍ਹ: ਉੱਤਰੀ ਭਾਰਤ ਇਸ ਵੇਲੇ ਬੁਰੀ ਤਰ੍ਹਾਂ ਠੰਡ ਨੇ ਜਕੜਿਆ ਹੋਇਆ ਹੈ। ਕਈ ਥਾਵਾਂ 'ਤੇ ਤਾਂ ਤਾਪਮਾਨ ਮਨਫ਼ੀ ਤੱਕ ਪਹੁੰਚ ਗਿਆ ਹੈ। ਸਰਕਾਰ ਵੱਲੋਂ ਲੋਕਾਂ ਨੂੰ ਘਰੇ ਹੀ ਰਹਿਣ ਦੀ ਹਿਦਾਇਤ ਦਿੱਤੀ ਗਈ ਹੈ।
ਭਾਰਤੀ ਮੌਸਮ ਵਿਭਾਗ ਨੇ ਉੱਤਰ ਭਾਰਤ ਦੇ ਕਈ ਇਲਾਕਿਆਂ ਦੀ ਤਾਪਮਾਨ ਦੀ ਰਿਪੋਰਟ ਸਾਂਝੀ ਕੀਤੀ ਹੈ। ਇਸ ਰਿਪੋਰਟ ਵਿੱਚ ਸਾਫ਼-ਸਾਫ਼ ਵੇਖਿਆ ਜਾ ਸਕਦਾ ਹੈ ਕਿ ਪੰਜਾਬ ਦੇ ਪਟਿਆਲਾ ਦਾ ਤਾਪਮਾਨ 0.6 ਤੱਕ ਪਹੁੰਚ ਗਿਆ ਹੈ। ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਦਾ ਤਾਪਮਾਨ 2 ਜਾਂ ਫਿਰ 3 ਡਿਗਰੀ ਤੱਕ ਹੀ ਰਹਿ ਗਿਆ ਹੈ। ਸਿਟੀ ਬਿਊਟੀਫੁੱਲ ਵਿੱਚ ਵੀ ਘੱਟੋ-ਘੱਟ ਤਾਪਮਾਨ 1.2 ਦਰਜ ਕੀਤਾ ਗਿਆ ਹੈ।
ਜੇ ਹੁਣ ਗੁਆਂਢੀ ਸੂਬਿਆਂ ਦੀ ਗੱਲ ਕਰੀਏ ਤਾਂ ਹਰਿਆਣਾ ਦਾ ਹਿਸਾਰ 0.4 ਦਰਜ ਕੀਤਾ ਗਿਆ ਹੈ। ਪੂਰੇ ਸੂਬੇ ਦਾ ਵੀ ਲੱਗਭਗ ਆਹੀ ਹਾਲ ਹੈ। ਰਾਜਸਥਾਨ ਦੇ ਜੈਪੁਰ ਵਿੱਚ ਮਨਫ਼ੀ 1.0 ਦਰਜ ਕੀਤਾ ਗਿਆ ਹੈ। ਇਸ ਤੋਂ ਇਲਸਾਵ ਦਿੱਲੀ, ਉੱਤਰ ਪ੍ਰਦੇਸ਼, ਬਿਹਾਰ ਵਿੱਚ ਵੀ ਠੰਡ ਨੇ ਲੋਕਾਂ ਦਾ ਖ਼ੂਨ ਜਮਾਇਆ ਪਿਆ ਹੈ।
ਉੱਤਰ ਭਾਰਤ ਵਿੱਚ ਪੈ ਰਹੀ ਠੰਡ ਨਾਲ ਉੱਤਰੀ ਰੇਲਵੇ ਦੀਆਂ ਤਕਰਬੀਨ 34 ਟਰੇਨਾਂ ਦੇਰੀ ਨਾਲ ਚੱਲ ਰਹੀਆਂ ਹਨ। ਇੰਨਾ ਹੀ ਨਹੀਂ ਕਈ ਤਾਂ ਰੱਦ ਹੀ ਕਰ ਦਿੱਤੀਆਂ ਗਈਆਂ ਹਨ।
ਜੇ ਐਨੀ ਠੰਡ ਵਿੱਚ ਹਵਾਈ ਯਾਤਰਾ ਕਰਨ ਦੀ ਸੋਚ ਰਹੇ ਹੋ ਤਾਂ ਇਹ ਵੀ ਸਹੀ ਫ਼ੈਸਲਾ ਨਹੀਂ ਹੋਵੇਗਾ ਕਿਉਂਕਿ ਦਿੱਲੀ ਕੌਮਾਂਤਰੀ ਹਵਾਈ ਅੱਡੇ ਤੇ ਆਉਣ ਵਾਲੀਆਂ, ਜਾਣ ਵਾਲੀਆਂ ਫ਼ਲਾਇਟਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਜਾਂ ਫਿਰ ਉਨ੍ਹਾਂ ਨੂੰ ਡਾਇਵਰਟ ਕਰ ਦਿੱਤਾ ਗਿਆ ਹੈ।
ਇਸ ਲਈ ਜੇ ਜ਼ਿਆਦਾ ਜ਼ਰੂਰੀ ਨਾ ਹੋਵੇ ਤਾਂ ਘਰੋਂ ਬਾਹਰ ਨਿਕਲਣ ਤੋਂ ਗੁਰਜ਼ੇ ਹੀ ਕਰਨਾ ਚਾਹੀਦਾ ਹੈ।