ਕੋਲਕਾਤਾ : ਪੱਛਮੀ ਬੰਗਾਲ 'ਚ ਲਗਾਤਾਰ ਨਾਗਰਿਕਤਾ ਸੋਧ ਬਿੱਲ ਨੂੰ ਲੈ ਕੇ ਵਿਰੋਧ ਤੇਜ਼ ਹੁੰਦਾ ਜਾ ਰਿਹਾ ਹੈ। ਸੂਬੇ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵੱਲੋਂ ਸ਼ਾਤੀ ਬਣਾਏ ਰੱਖਣ ਦੀ ਅਪੀਲ ਦੇ ਬਾਵਜੂਦ ਸੂਬੇ ਦੇ ਕਈ ਹਿੱਸਿਆਂ ਵਿੱਚ ਹਿੰਸਕ ਪ੍ਰਦਰਸ਼ਨ ਦੀਆਂ ਘਟਨਾਵਾਂ ਲਗਾਤਾਰ ਜਾਰੀ ਹਨ।
ਪ੍ਰਦਰਸ਼ਨਕਾਰੀਆਂ ਵੱਲੋਂ ਲਗਾਤਾਰ ਬੱਸਾ ਅਤੇ ਟ੍ਰੇਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਕਈ ਥਾਵਾਂ ਉੱਤੇ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਵਿਚਾਲੇ ਹਿੰਸਕ ਝੜਪਾਂ ਹੋਣ ਦੀ ਵੀ ਖ਼ਬਰ ਹੈ। ਹਿੰਸਕ ਪ੍ਰਦਰਸ਼ਨਾਂ ਕਾਰਨ 28 ਤੋਂ ਵੱਧ ਟ੍ਰੇਨਾਂ ਰੱਦ ਕਰ ਦਿੱਤਿਆਂ ਗਈਆਂ ਹਨ।
4 ਜ਼ਿਲ੍ਹਿਆਂ 'ਚ ਤਣਾਅ ਦਾ ਮਾਹੌਲ, 17 ਬੱਸਾਂ ਤੇ 5 ਟ੍ਰੇਨਾਂ ਸਾੜੀਆਂ :
ਸੂਬੇ ਦੇ ਚਾਰ ਜ਼ਿਲ੍ਹਿਆਂ 'ਚ ਤਣਾਅ ਦੀ ਸਥਿਤੀ ਬਣੀ ਹੋਈ ਹੈ। ਮੁਰਸ਼ੀਦਾਬਾਦ, ਹਾਵੜਾ, ਮਾਲਦਾ ਅਤੇ ਉੱਤਰੀ 24 ਪਰਗਣਾ ਜ਼ਿਲ੍ਹੇ ਹਿੰਸਾ ਦੇ ਕੇਂਦਰ ਵਿੱਚ ਹਨ। ਪ੍ਰਦਰਸ਼ਨਕਾਰੀਆਂ ਨੇ ਇੱਥੇ 17 ਬੱਸਾਂ ਸਾੜ ਦਿੱਤੀਆਂ। ਇਸ ਦੇ ਨਾਲ ਹੀ ਪੰਜ ਰੇਲਗੱਡੀਆਂ ਵੀ ਸਾੜ ਦਿੱਤੀਆਂ ਗਈਆਂ। ਹਿੰਸਾ ਦੌਰਾਨ ਅੱਧਾ ਦਰਜਨ ਰੇਲਵੇ ਸਟੇਸ਼ਨਾਂ ਦੀ ਭੰਨਤੋੜ ਕੀਤੀ ਗਈ, ਪੁਲਿਸ ਵਾਹਨਾਂ ਅਤੇ ਫਾਇਰ ਬ੍ਰਿਗੇਡਾਂ ਨੂੰ ਨਿਸ਼ਾਨਾ ਬਣਾਇਆ ਗਿਆ। ਕਈ ਥਾਵਾਂ 'ਤੇ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਵਿਚਾਲੇ ਝੜਪਾਂ ਹੋਣ ਦੀ ਖ਼ਬਰ ਵੀ ਸਾਹਮਣੇ ਆਈ ਹੈ।
ਹੋਰ ਪੜ੍ਹੋ : ਭੁੱਖ ਹੜਤਾਲ 'ਤੇ ਬੈਠੀ ਸਵਾਤੀ ਮਾਲੀਵਾਲ ਦੀ ਵਿਗੜੀ ਤਬੀਅਤ, ਹਸਪਤਾਲ 'ਚ ਭਰਤੀ
ਮੁੱਖ ਮੰਤਰੀ ਨੇ ਪ੍ਰਦਰਸ਼ਨਕਾਰੀਆਂ ਨੂੰ ਦਿੱਤੀ ਚੇਤਾਵਨੀ :
ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਾਨੂੰਨ ਤੋੜਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੇ ਜਾਣ ਦੀ ਚੇਤਾਵਨੀ ਦਿੱਤੀ ਹੈ। ਸ਼ਾਂਤੀ ਦੀ ਅਪੀਲ ਕਰਦੇ ਹੋਏ ਮੁੱਖ ਮੰਤਰੀ ਦਫ਼ਤਰ ਤੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ, ਕਿ "ਕਾਨੂੰਨ ਨੂੰ ਆਪਣੇ ਹੱਥ ਵਿੱਚ ਨਾ ਲਓ।" ਸੜਕ ਨੂੰ ਰੋਕ ਕੇ ਜਾਂ ਰੇਲਗੱਡੀ ਨੂੰ ਰੋਕ ਕੇ ਸੜਕ 'ਤੇ ਆਮ ਲੋਕਾਂ ਲਈ ਮੁਸੀਬਤ ਨਾ ਪੈਦਾ ਕਰੋ। ਸਰਕਾਰੀ ਜਾਇਦਾਦ ਨੂੰ ਨੁਕਸਾਨ ਨਾ ਪਹੁੰਚਾਓ। ਜਿਹੜਾ ਵੀ ਵਿਅਕਤੀ ਗੜਬੜੀ ਫੈਲਾਉਂਦਾ ਪਾਇਆ ਗਿਆ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।