ਕੁੱਲੂ: ਦੁਨੀਆ ਭਰ 'ਚ ਕੋਰੋਨਾ ਮਹਾਂਮਾਰੀ ਦੀ ਦਹਿਸ਼ਤ ਦੇ ਵਿਚਕਾਰ ਚੀਨੀ ਹੈਲੀਕਾਪਟਰ ਹਿਮਾਚਲ ਪ੍ਰਦੇਸ਼ ਦੀ ਸਰਹੱਦ 'ਤੇ ਵੇਖੇ ਗਏ। ਪਿਛਲੇ ਡੇਢ ਮਹੀਨੇ ਵਿੱਚ 2 ਵਾਰ ਚੀਨੀ ਹੈਲੀਕਾਪਟਰ ਅੰਤਰਰਾਸ਼ਟਰੀ ਸਰਹੱਦ ਦੇ 12 ਕਿਲੋਮੀਟਰ ਅੰਦਰ ਤੱਕ ਉਡਾਣ ਭਰਦੇ ਪਾਏ ਗਏ। ਕੋਰੋਨਾ ਮਹਾਂਮਾਰੀ ਦੇ ਵਿਚਕਾਰ ਵੀ ਚੀਨ ਆਪਣੀਆਂ ਪੁਰਾਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ।
ਸਿੱਕਮ ਤੋਂ ਬਾਅਦ ਹੁਣ ਚੀਨ ਨੇ ਹਿਮਾਚਲ ਪ੍ਰਦੇਸ਼ ਵਿੱਚ ਭਾਰਤੀ ਸਰਹੱਦ 'ਚ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ ਹੈ। ਚੀਨੀ ਹੈਲੀਕਾਪਟਰ ਹਿਮਾਚਲ ਪ੍ਰਦੇਸ਼ ਦੇ ਲਾਹੌਲ ਸਪਿਤੀ ਸਰਹੱਦ ਵਿੱਚ 12 ਕਿਲੋਮੀਟਰ ਅੰਦਰ ਤੱਕ ਦਾਖ਼ਲ ਹੋ ਗਏ।
ਇਹ ਚੀਨੀ ਹੈਲੀਕਾਪਟਰ ਰਣਨੀਤਕ ਤੌਰ 'ਤੇ ਮਹੱਤਵਪੂਰਨ ਲਾਹੌਲ-ਸਪੀਤੀ ਜ਼ਿਲ੍ਹੇ ਵਿੱਚ ਸੁਮਡੋ ਪੁਲਿਸ ਜਾਂਚ ਚੌਕੀ ਨੇੜੇ ਵੇਖੇ ਗਏ। ਪੁਲਿਸ ਨੇ ਇਸ ਦੀ ਜਾਣਕਾਰੀ ਆਰਮੀ, ਆਈਬੀ, ਆਈਟੀਬੀਪੀ ਅਤੇ ਹੋਰ ਸੁਰੱਖਿਆ ਏਜੰਸੀਆਂ ਨੂੰ ਦਿੱਤੀ ਹੈ। ਜਾਣਕਾਰੀ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਅਤੇ ਸਰਹੱਦ 'ਤੇ ਪਹਿਰਾ ਵਧਾ ਦਿੱਤਾ।