ਨਵੀਂ ਦਿੱਲੀ: ਨਗਰਿਕਤਾ ਸੋਧ ਐਕਟ ਨੂੰ ਲੈ ਕੇ ਹੋ ਰਹੇ ਵਿਰੋਧ ਦਰਮਿਆਨ ਫ਼ੌਜ ਮੁਖੀ ਜਨਰਲ ਬਿਪਿਨ ਰਾਵਤ ਵੱਲੋਂ ਦਿੱਤੇ ਗਏ ਬਿਆਨ ਦੀ ਅਲੋਚਨਾ ਕੀਤੀ ਜਾ ਰਹੀ ਹੈ। ਉੱਥੇ ਹੀ ਕਾਂਗਰਸ ਦੇ ਸੀਨੀਅਰ ਆਗੂ ਪੀ ਚਿਦੰਬਰਮ ਨੇ ਵੀ ਫ਼ੌਜ ਮੁਖੀ ਦੇ ਬਿਆਨ ਨੂੰ ਲੈ ਕੇ ਨਿਸ਼ਾਨਾ ਸਾਧਿਆ ਹੈ।
ਆਪਣੇ ਕੰਮ ਨਾਲ ਮਤਲਬ ਰੱਖਣ ਜਨਰਲ ਰਾਵਤ: ਪੀ ਚਿਦੰਬਰਮ
ਕਾਂਗਰਸ ਦੇ ਸੀਨੀਅਰ ਆਗੂ ਪੀ ਚਿਦੰਬਰਮ ਨੇ ਵੀ ਫ਼ੌਜ ਮੁਖੀ ਦੇ ਬਿਆਨ ਨੂੰ ਲੈ ਕੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਮੈਂ ਜਨਰਲ ਰਾਵਤ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਕਿ ਤੁਸੀਂ ਫ਼ੌਜ ਦੀ ਅਗਵਾਈ ਕਰਦੇ ਹੋ। ਤੁਸੀਂ ਆਪਣੇ ਕੰਮ ਨਾਲ ਮਤਲਬ ਰੱਖੋ।
ਕੇਰਲ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਰਾਜ ਭਵਨ ਦੇ ਸਾਹਮਣੇ ਹੋਈ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਦੇ ਵਿਰੋਧ 'ਚ ਹੋਈ ਮਹਾ ਰੈਲੀ ਨੂੰ ਸੰਬੋਧਨ ਕਰਦੇ ਹੋਏ ਚਿਦੰਬਰਮ ਨੇ ਫ਼ੌਜ ਮੁਖੀ ਨੂੰ ਆਪਣੇ ਕੰਮ ਨਾਲ ਮਤਲਬ ਰੱਖਣ ਲਈ ਕਿਹਾ। ਸਾਬਕਾ ਮੰਤਰੀ ਨੇ ਦੋਸ਼ ਲਗਾਇਆ ਕਿ ਫ਼ੌਜ ਮੁਖੀ ਤੇ ਉੱਤਰ ਪ੍ਰਦੇਸ਼ ਦੇ ਆਈਜੀ ਨੂੰ ਸਰਕਾਰ ਦੀ ਹਮਾਇਤ ਕਰਨ ਲਈ ਕਿਹਾ ਗਿਆ ਹੈ। ਇਹ ਸ਼ਰਮਨਾਕ ਹੈ। ਉਨ੍ਹਾਂ ਕਿਹਾ ਕਿ ਹੁਣ ਫ਼ੌਜ ਮੁਖੀ ਨੂੰ ਬੋਲਣ ਲਈ ਕਿਹਾ ਗਿਆ ਹੈ। ਕੀ ਇਹ ਉਨ੍ਹਾਂ ਦਾ ਕੰਮ ਹੈ? ਮੈਂ ਜਨਰਲ ਰਾਵਤ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਕਿ ਤੁਸੀਂ ਫ਼ੌਜ ਦੀ ਅਗਵਾਈ ਕਰਦੇ ਹੋ। ਤੁਸੀਂ ਆਪਣੇ ਕੰਮ ਨਾਲ ਮਤਲਬ ਰੱਖੋ। ਨੇਤਾਵਾਂ ਨੂੰ ਜੋ ਕਰਨਾ ਹੈ, ਨੇਤਾ ਕਰਨਗੇ। ਨੇਤਾਵਾਂ ਨੂੰ ਉਨ੍ਹਾਂ ਦਾ ਕੰਮ ਦੱਸਣਾ ਫ਼ੌਜ ਦੀ ਜ਼ਿੰਮੇਵਾਰੀ ਨਹੀਂ ਹੈ। ਇਸੇ ਤਰ੍ਹਾਂ ਲੜਾਈ ਕਿਵੇਂ ਜਿੱਤੀ ਜਾਂਦੀ ਹੈ, ਫ਼ੌਜ ਨੂੰ ਇਹ ਦੱਸਣਾ ਸਾਡਾ ਕੰਮ ਨਹੀਂ ਹੈ।
ਦੱਸਦਈਏ ਕਿ ਸੀਏਏ ਵਿਰੋਧੀ ਪ੍ਰਦਰਸ਼ਨਾਂ ਦੀ ਆਲੋਚਨਾ ਕਰਦੇ ਹੋਏ ਜਨਰਲ ਰਾਵਤ ਨੇ ਕਿਹਾ ਸੀ ਕਿ ਲੋਕਾਂ ਨੂੰ ਹਿੰਸਾ ਤੇ ਸਾੜ ਫੂਕ ਲਈ ਭੜਕਾਉਣ ਵਾਲੇ ਨੇਤਾ ਨਹੀਂ ਹਨ। ਨੇਤਾ ਉਨ੍ਹਾਂ ਨੂੰ ਨਹੀਂ ਕਹਿਣਗੇ, ਜੋ ਲੋਕਾਂ ਨੂੰ ਗ਼ਲਤ ਦਿਸ਼ਾ 'ਚ ਲੈ ਜਾਂਦੇ ਹਨ, ਜਿਵੇਂ ਕਿ ਅਸੀਂ ਦੇਖ ਰਹੇ ਹਾਂ ਕਿ ਵੱਡੀ ਗਿਣਤੀ 'ਚ ਯੂਨੀਵਰਸਿਟੀਆਂ ਤੇ ਕਾਲਜਾਂ ਦੇ ਵਿਦਿਆਰਥੀ ਹਿੰਸਾ ਤੇ ਸਾੜਫੂਕ ਲਈ ਭੜਕਾਏ ਜਾ ਰਹੇ ਹਨ।