ਨਵੀਂ ਦਿੱਲੀ: ਰਾਜੀਵ ਗਾਂਧੀ ਫਾਊਂਡੇਸ਼ਨ (ਆਰਜੀਐਫ) ਵੱਲੋਂ ਚੀਨ ਤੋਂ ਡੋਨੇਸ਼ਨ ਲੈਣ ਦੇ ਦੋਸ਼ਾਂ ਕਾਰਨ ਭਾਜਪਾ ਅਤੇ ਕਾਂਗਰਸ ਵਿੱਚ ਸ਼ਬਦੀ ਜੰਗ ਤੇਜ਼ ਹੋ ਗਈ ਹੈ। ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਢਾ ਦੇ ਰਾਹੁਲ ਗਾਂਧੀ ਅਤੇ ਗਾਂਧੀ ਪਰਿਵਾਰ ‘ਤੇ ਨਿਸ਼ਾਨਾ ਸਾਧਣ ਤੋਂ ਬਾਅਦ ਹੁਣ ਸਾਬਕਾ ਕੇਂਦਰੀ ਮੰਤਰੀ ਅਤੇ ਸੀਨੀਅਰ ਕਾਂਗਰਸ ਆਗੂ ਪੀ. ਚਿਦੰਬਰਮ ਨੇ ਭਾਜਪਾ ਨੂੰ ਕਰੜੇ ਹੱਥੀਂ ਲਿਆ ਹੈ। ਪੀ. ਚਿਦੰਬਰਮ ਨੇ ਭਾਜਪਾ ਪ੍ਰਧਾਨ 'ਤੇ ਅੱਧਾ ਸੱਚ ਬੋਲਣ ਦਾ ਦੋਸ਼ ਲਗਾਇਆ ਹੈ।
ਚਿਦੰਬਰਮ ਨੇ ਸ਼ਨੀਵਾਰ ਨੂੰ ਆਪਣੇ ਟਵੀਟ ਵਿੱਚ ਲਿਖਿਆ ਕਿ ਭਾਜਪਾ ਪ੍ਰਧਾਨ ਜੇਪੀ ਨੱਢਾ ਅੱਧਾ ਸੱਚ ਬੋਲਣ ਵਿੱਚ ਮਾਹਿਰ ਹਨ। ਉਨ੍ਹਾਂ ਕਿਹਾ ਕਿ ਮੇਰੇ ਸਾਥੀ ਰਣਦੀਪ ਸੁਰਜੇਵਾਲਾ ਨੇ ਕੱਲ੍ਹ ਆਪਣੀ ਬਾਕੀ ਦੀ ਅੱਧੀ ਸੱਚਾਈ ਦਾ ਖੁਲਾਸਾ ਕੀਤਾ ਹੈ। ਉਨ੍ਹਾਂ ਕਿਹਾ, "ਆਰਜੀਐਫ ਨੂੰ 15 ਸਾਲ ਪਹਿਲਾਂ ਮਿਲੀ ਗ੍ਰਾਂਟ ਦਾ ਮੋਦੀ ਸਰਕਾਰ ਦੀ ਨਿਗਰਾਨੀ 'ਚ ਸਾਲ 2020 ਵਿੱਚ ਚੀਨ ਦਾ ਭਾਰਤੀ ਖੇਤਰ ਵਿੱਚ ਘੁਸਪੈਠ ਕਰਨ ਨਾਲ ਕੀ ਸਬੰਧ ਹੈ।"