ਨਵੀਂ ਦਿੱਲੀ: ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਤੇ ਉੱਤਰ ਪ੍ਰਦੇਸ਼ ਸਰਕਾਰ ਵਿੱਚ ਮੰਤਰੀ ਚੇਤਨ ਚੌਹਾਨ ਦੀ ਹਾਲਤ ਗੰਭੀਰ ਬਣੀ ਹੋਈ ਹੈ ਜੋ ਪਿਛਲੇ ਮਹੀਨੇ ਕੋਰੋਨਾ ਵਾਇਰਸ ਜਾਂਚ ਵਿੱਚ ਪੌਜ਼ੀਟਿਵ ਪਾਏ ਗਏ ਸਨ। ਉਨ੍ਹਾਂ ਦੇ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ ਤੇ ਉਹ ਗੁਰੂਗ੍ਰਾਮ ਦੇ ਹਸਪਤਾਲ ਵਿੱਚ ਵੈਂਟੀਲੇਟਰ ਉੱਤੇ ਹਨ।
ਉੱਤਰ ਪ੍ਰਦੇਸ਼ ਸਰਕਾਰ ਵਿੱਚ ਕੈਬਨਿਟ ਮੰਤਰੀ ਚੌਹਾਨ ਨੂੰ ਕੋਰੋਨਾ ਜਾਂਚ ਵਿੱਚ ਪੌਜ਼ੀਟਿਵ ਪਾਏ ਜਾਣ ਤੋਂ ਬਾਅਦ 12 ਜੁਲਾਈ ਨੂੰ ਲਖਨਊ ਦੇ ਸੰਜੇ ਗਾਂਧੀ ਪੀਜੀਆਈ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ।
ਉਨ੍ਹਾਂ ਦੀ ਹਾਲਤ ਵਿੱਚ ਸੁਧਾਰ ਨਾ ਹੋਣ ਤੋਂ ਬਾਅਦ ਉਨ੍ਹਾਂ ਨੂੰ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ।
ਡੀਡੀਸੀਏ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਚੇਤਨ ਦੇ ਗੁਰਦੇ ਨੇ ਸਵੇਰੇ ਕੰਮ ਕਰਨਾ ਬੰਦ ਕਰ ਦਿੱਤਾ ਅਤੇ ਫਿਰ ਕਈ ਅੰਗਾਂ ਨੇ ਵੀ ਕੰਮ ਕਰਨਾ ਬੰਦ ਕਰ ਦਿੱਤਾ ਹੈ। ਉਹ ਵੈਂਟੀਲੇਟਰ 'ਤੇ ਹੈ, ਅਸੀਂ ਦੁਆ ਕਰ ਰਹੇ ਹਾਂ ਕਿ ਉਹ ਇਸ ਲੜਾਈ ਨੂੰ ਜਿੱਤ ਜਾਣ।
ਭਾਰਤ ਲਈ 40 ਟੈਸਟ ਮੈਚ ਖੇਡਣ ਵਾਲੇ ਚੌਹਾਨ ਲੰਬੇ ਸਮੇਂ ਤੱਕ ਸੁਨੀਲ ਗਾਵਸਕਰ ਦੇ ਨਾਲ ਸਲਾਮੀ ਜੋੜੀਦਾਰ ਰਹੇ ਸਨ। ਉਹ ਦਿੱਲੀ ਅਤੇ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਵਿੱਚ ਵੱਖ-ਵੱਖ ਅਹੁਦਿਆਂ 'ਤੇ ਵੀ ਰਹੇ ਅਤੇ ਆਸਟ੍ਰੇਲੀਆ ਦੌਰੇ ਦੌਰਾਨ ਭਾਰਤੀ ਟੀਮ ਦੇ ਮੈਨੇਜਰ ਵੀ ਰਹੇ।