ਚੇਨੱਈ: ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਵੀਰਵਾਰ ਨੂੰ ਕਿਹਾ ਕਿ ਭਾਰਤ ਦੇ ਦੂਜੇ ਚੰਦਰਮਾ ਪੁਲਾੜ ਯਾਨ ਚੰਦਰਯਾਨ 2 ਨੂੰ ਚੰਨ ਦੇ ਓਰਬਿੱਟ ਵਿੱਚ ਦਾਖਲ ਹੋਇਆਂ ਇਕ ਸਾਲ ਹੋ ਗਿਆ ਹੈ ਅਤੇ ਇਸ ਦੇ ਸਾਰੇ ਉਪਕਰਣ ਮੌਜੂਦਾ ਸਮੇਂ ਵਿਚ ਚੰਗੀ ਤਰ੍ਹਾਂ ਕੰਮ ਕਰ ਰਹੇ ਹਨ।
ਇਸਰੋ ਦਾ ਕਹਿਣਾ ਹੈ ਕਿ 7 ਹੋਰ ਸਾਲਾਂ ਦੇ ਸੰਚਾਲਨ ਲਈ ਚੰਦਰਯਾਨ 2 ਵਿੱਚ ਬਾਲਣ ਮੌਜੂਦ ਹੈ। ਚੰਦਰਯਾਨ 2 ਦਾ ਪ੍ਰੀਖਣ 22 ਜੁਲਾਈ 2019 ਨੂੰ ਕੀਤਾ ਗਿਆ ਸੀ ਅਤੇ ਠੀਕ ਇਕ ਸਾਲ ਪਹਿਲਾਂ 20 ਅਗਸਤ ਨੂੰ ਇਹ ਚੰਦਰਮਾ ਦੇ ਓਰਬਿੱਟ 'ਚ ਦਾਖਲ ਹੋਇਆ ਸੀ।
ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਕਿਹਾ, "ਹਾਲਾਂਕਿ, ਲੈਂਡਿੰਗ ਦੀ ਕੋਸ਼ਿਸ਼ ਸਫ਼ਲ ਨਹੀਂ ਹੋ ਸਕੀ ਸੀ। ਉੱਥੇ ਹੀ 8 ਵਿਗਿਆਨਕ ਯੰਤਰਾਂ ਨਾਲ ਲੈਸ ਪੁਲਾੜ ਯਾਨ ਸਫਲਤਾਪੂਰਵਕ ਚੰਦਰਮਾ ਦੇ ਓਰਬਿੱਟ ਵਿਚ ਦਾਖਲ ਹੋਇਆ ਸੀ। ਪੁਲਾੜ ਯਾਨ ਨੇ ਚੰਨ ਦੇ ਓਰਬਿੱਟ ਵਿਚ ਤਕਰੀਬਨ 4,400 ਪਰੀਕਰਮਾ ਪੂਰੀ ਕੀਤੀ ਹੈ ਅਤੇ ਇਸ ਦੇ ਸਾਰੇ ਉਪਕਰਣ ਵਧੀਆ ਕੰਮ ਕਰ ਰਹੇ ਹਨ।"
ਓਰਬਿਟਰ ਵਿੱਚ ਵਧੀਆ ਤਕਨੀਕ ਵਾਲੇ ਕੈਮਰੇ ਲੱਗੇ ਹਨ ਜਿਸ ਨਾਲ ਉਹ ਚੰਨ ਦੇ ਬਾਹਰੀ ਵਾਤਾਵਰਣ ਅਤੇ ਸਤਿਹ ਦੇ ਬਾਰੇ ਜਾਣਕਾਰੀ ਇਕੱਠੀ ਕਰ ਸਕੇ। ਭਾਰਤ ਦੇ ਮਹੱਤਵਪੂਰਣ ਚੰਦਰਯਾਨ 2 ਮਿਸ਼ਨ ਦੇ ਲੈਂਡਰ ਵਿਕਰਮ ਦੇ ਚੰਨ ਉੱਤੇ ਉਤਰਣ ਦੇ ਆਖਰੀ ਪਲਾਂ 'ਚ ਗਰਾਉਂਡ ਸਟੇਸ਼ਨ ਨਾਲ ਸੰਪਰਕ ਟੁੱਟ ਗਿਆ ਸੀ। ਬਾਅਦ ਵਿਚ ਇਹ ਖੁਲਾਸਾ ਹੋਇਆ ਕਿ ਵਿਕਰਮ ਨੇ ਪਿਛਲੇ ਸਾਲ ਸਤੰਬਰ ਵਿਚ ਚੰਦਰਮਾ 'ਤੇ ਇਕ ਹਾਰਡ ਲੈਂਡਿੰਗ ਕੀਤੀ ਸੀ।