ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਰਕਾਰ ਨੇ ਭਾਰਤ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ 312 ਸਿੱਖ ਵਿਦੇਸ਼ੀ ਨਾਗਰਿਕਾਂ ਦੇ ਨਾਂਅ ਕਾਲੀ ਸੂਚੀ ਵਿੱਚੋਂ ਹਟਾ ਦਿੱਤੇ ਹਨ ਅਤੇ ਹੁਣ ਸਿਰਫ ਦੋ ਵਿਅਕਤੀਆਂ ਦੇ ਨਾਂਅ ਹੀ ਰਹਿ ਗਏ ਹਨ।
ਇਹ ਵੀ ਪੜ੍ਹੋ: ਪੰਜਾਬ ਵਿੱਚ ਵੀ ਹਰਿਆਣਾ ਦੇ ਨਾਲ਼ ਹੋ ਸਕਦੀਆਂ ਨੇ ਚੋਣਾਂ !
ਇਹ ਫੈਸਲਾ ਵੱਖ-ਵੱਖ ਸੁਰੱਖਿਆ ਏਜੰਸੀਆਂ ਵੱਲੋਂ ਕੀਤੀ ਗਈ ਸਮੀਖਿਆ ਤੋਂ ਬਾਅਦ ਲਿਆ ਗਿਆ ਹੈ। ਵਿਦੇਸ਼ਾਂ ਵਿੱਚ ਵੱਖ-ਵੱਖ ਭਾਰਤੀ ਮਿਸ਼ਨਾਂ ਵੱਲੋਂ ਬਣਾਈ ਗਈ ਸਿੱਖ ਵਿਦੇਸ਼ੀ ਨਾਗਰਿਕਾਂ ਬਾਰੇ ਇੱਕ ਕਾਲੀ ਸੂਚੀ ਨੂੰ ਵੀ ਸਰਕਾਰ ਨੇ ਬੰਦ ਕਰ ਦਿੱਤਾ ਹੈ।
ਕਾਲੀ ਸੂਚੀ ਵਿੱਚੋਂ ਨਾਂਅ ਹਟਾਏ ਜਾਣ ਮਗਰੋਂ ਇਹ ਸਿੱਖ ਵਿਦੇਸ਼ੀ ਨਾਗਰਿਕ ਹੁਣ ਭਾਰਤ ਵਿਚ ਆਪਣੇ ਪਰਿਵਾਰਾਂ ਨੂੰ ਮਿਲਣ ਅਤੇ ਉਨ੍ਹਾਂ ਦੀਆਂ ਜੜ੍ਹਾਂ ਨਾਲ ਮੁੜ ਜੁੜਨ ਲਈ ਵੀਜ਼ਾ ਸੇਵਾਵਾਂ ਲੈਣ ਦੇ ਯੋਗ ਹੋ ਗਏ ਹਨ।
ਗ੍ਰਹਿ ਮੰਤਰਾਲੇ ਦੇ ਅਧਿਕਾਰੀ ਨੇ ਦੱਸਿਆ ਕਿ ਇਹ ਸਮੀਖਿਆ ਇੱਕ ਨਿਰੰਤਰ ਅਤੇ ਗਤੀਸ਼ੀਲ ਪ੍ਰਕਿਰਿਆ ਹੈ ਅਤੇ ਨਿਯਮਤ ਅਭਿਆਸ ਦਾ ਇੱਕ ਹਿੱਸਾ ਹੈ।
80 ਦੇ ਦਹਾਕੇ ਵਿੱਚ, ਭਾਰਤ ਵਿਰੋਧੀ ਪ੍ਰਚਾਰ ਵਿੱਚ ਸ਼ਾਮਲ ਹੋਣ ਮਗਰੋਂ ਕੁਝ ਸਿੱਖ ਭਾਰਤੀ ਨਾਗਰਿਕਾਂ ਨੇ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਚਣ ਲਈ ਭਾਰਤ ਛੱਡ ਦਿੱਤਾ, ਅਤੇ ਵਿਦੇਸ਼ੀ ਨਾਗਰਿਕ ਬਣ ਗਏ। ਉਨ੍ਹਾਂ ਨੂੰ ਸਾਲ 2016 ਤੱਕ ਬਲੈਕਲਿਸਟ ਵਿੱਚ ਰੱਖਿਆ ਗਿਆ ਸੀ, ਜਿਸ ਨਾਲ ਉਹ ਭਾਰਤ ਆਉਣ ਜਾਂ ਵਾਪਸੀ ਲਈ ਵੀਜ਼ਾ ਸੇਵਾਵਾਂ ਲੈਣ ਦੇ ਅਯੋਗ ਹੋ ਗਏ ਸਨ।
ਸ਼ਰਨਾਰਥੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ, ਜਿਨ੍ਹਾਂ ਵਿੱਚ ਜ਼ਿਆਦਾਤਰ ਸਿੱਖ ਭਾਈਚਾਰੇ ਨਾਲ ਸਬੰਧਤ ਹਨ, ਨੂੰ ਕੌਂਸਲਰ / ਵੀਜ਼ਾ ਸੇਵਾਵਾਂ ਦੇਣ ਦੇ ਰਾਹ ਵਿੱਚ ਇੱਕ ਵੱਡੀ ਰੁਕਾਵਟ ਵਿਦੇਸ਼ਾਂ ਵਿੱਚ ਭਾਰਤੀ ਮਿਸ਼ਨਾਂ ਵੱਲੋਂ ਸਥਾਨਕ ਗਲਤ ਸੂਚੀਆਂ ਦੀ ਸੰਭਾਲ ਕਰਨਾ ਸੀ। ਗ੍ਰਹਿ ਮੰਤਰਾਲੇ ਦੇ ਇੱਕ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਇਹ ਪ੍ਰਥਾ ਵੀ ਬੰਦ ਕਰ ਦਿੱਤੀ ਗਈ ਹੈ।
ਸਿੱਟੇ ਵਜੋਂ, ਵਿਦੇਸ਼ਾਂ 'ਚ ਸਾਰੇ ਭਾਰਤੀ ਮਿਸ਼ਨਾਂ ਨੂੰ ਉਨ੍ਹਾਂ ਸਾਰੀਆਂ ਸ਼੍ਰੇਣੀਆਂ ਦੇ ਸ਼ਰਨਾਰਥੀਆਂ ਤੇ ਪਰਿਵਾਰਕ ਮੈਂਬਰਾਂ ਨੂੰ, ਜਿਨ੍ਹਾਂ ਦੇ ਨਾਮ ਕੇਂਦਰੀ ਪ੍ਰਤੀਰੋਧ ਸੂਚੀ ਵਿੱਚ ਨਹੀਂ ਆਉਂਦਾ, ਬਣਦੀ ਕੈਟੇਗਰੀ ਤਹਿਤ ਵੀਜ਼ਾ ਜਾਰੀ ਕਰਨ ਦੀ ਸਲਾਹ ਦਿੱਤੀ ਗਈ ਹੈ।
ਇਸਦੇ ਨਾਲ ਹੀ, ਉਹ ਸਾਰੇ ਸ਼ਰਨਾਰਥੀ, 2 ਸਾਲ ਤੱਕ ਦਾ ਵੀਜ਼ਾ ਰੱਖਣ ਮਗਰੋਂ OCI (Overseas citizen of India) ਕਾਰਡਧਾਰਕ ਦੇ ਤੌਰ 'ਤੇ ਰਜਿਸਟ੍ਰੇਸ਼ਨ ਲਈ ਅਰਜ਼ੀ ਦੇਣ ਦੇ ਯੋਗ ਹੋ ਜਾਣਗੇ।