ਸ੍ਰੀਨਗਰ: ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ਨਾਲ ਲਗਦੀ ਕੰਟਰੋਲ ਰੇਖਾ ਕੋਲ ਪਾਕਿਸਤਾਨ ਵੱਲੋਂ ਲਗਾਤਾਰ ਗੋਲੀਬਾਰੀ ਕੀਤੀ ਜਾ ਰਹੀ ਹੈ। ਇਸ ਗੋਲੀਬਾਰੀ ਵਿੱਚ ਇੱਕ ਜਵਾਨ ਸ਼ਹੀਦ ਹੋ ਗਿਆ ਹੈ।
ਪਾਕਿ ਵੱਲੋਂ ਜੰਗਬੰਦੀ ਦੀ ਉਲੰਘਣਾ, ਇੱਕ ਜਵਾਨ ਸ਼ਹੀਦ
ਪਾਕਿਸਤਾਨੀ ਫ਼ੌਜ ਵਲੋਂ ਪੁੰਛ ਜ਼ਿਲ੍ਹੇ 'ਚ ਦੇਰ ਰਾਤ ਤੋਂ ਭਾਰੀ ਗੋਲੀਬਾਰੀ ਕੀਤੀ ਜਾ ਰਹੀ ਹੈ। ਜਿਸ ਵਿੱਚ ਇੱਕ ਜਵਾਨ ਸ਼ਹੀਦ ਹੋ ਗਿਆ ਹੈ। ਭਾਰਤੀ ਫ਼ੌਜ ਵੱਲੋਂ ਵੀ ਪਾਕਿਸਤਾਨ ਦੀ ਇਸ ਕਾਇਰਾਨਾ ਹਰਕਤ ਦਾ ਜਵਾਬ ਦਿੱਤਾ ਜਾ ਰਿਹਾ ਹੈ।
ਪਾਕਿਸਤਾਨੀ ਫ਼ੌਜ ਨੇ ਸਰਹੱਦੀ ਚੌਕੀਆਂ ਤੇ ਰਿਹਾਇਸ਼ੀ ਇਲਾਕਿਆਂ ਵਿੱਚ ਮੋਰਟਾਰਾਂ ਨਾਲ ਗੋਲੇ ਦਾਗੇ ਅਤੇ ਗੋਲੀਬਾਰੀ ਕੀਤੀ। ਜਿਸ ਗੋਲੀਬਾਰੀ ਦੌਰਾਨ ਇੱਕ ਭਾਰਤੀ ਜਵਾਨ ਸ਼ਹੀਦ ਹੋ ਗਿਆ ਹੈ। ਭਾਰਤੀ ਫੌਜ ਵੱਲੋਂ ਪਾਕਿਸਤਾਨ ਨੂੰ ਮੁੰਹਤੋੜ ਜਵਾਬ ਦਿੱਤਾ ਜਾ ਰਿਹਾ ਹੈ। ਭਾਰਤੀ ਫ਼ੌਜ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਇਸ ਜਵਾਬੀ ਕਾਰਵਾਈ ਵਿੱਚ ਪਾਕਿ ਫ਼ੌਜ ਦੀ ਚੌਕੀ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ।
ਦੱਸਣਯੋਗ ਹੈ ਕਿ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਪਾਕਿਸਤਾਨ ਬੌਖਲਾ ਗਿਆ ਹੈ। ਇਸ ਦੌਰਾਨ ਕੰਟਰੋਲ ਰੇਖਾ 'ਤੇ ਦੋਵਾਂ ਦੇਸ਼ਾਂ ਦੀ ਫੌਜਾਂ ਵਿਚਾਲੇ ਤਣਾਅ ਬਣਿਆ ਹੋਇਆ ਹੈ। ਇਸ ਤੋਂ ਪਹਿਲਾਂ ਪਿਛਲੇ ਹਫਤੇ ਜੰਮੂ ਦੇ ਰਾਜੌਰੀ ਅਤੇ ਪੁੰਛ ਜ਼ਿਲ੍ਹਿਆਂ ਵਿੱਚ ਪਾਕਿਸਤਾਨ ਵੱਲੋਂ ਕੀਤੀ ਗਈ ਗੋਲੀਬਾਰੀ ਵਿੱਚ ਸੈਨਾ ਦੇ ਦੋ ਜਵਾਨ ਸ਼ਹੀਦ ਹੋ ਗਏ ਸਨ ਅਤੇ ਇੱਕ 10 ਮਹੀਨੇ ਦਾ ਬੱਚਾ ਵੀ ਮਾਰਿਆ ਗਿਆ ਸੀ। ਬੀਤੇ ਜੁਲਾਈ ਮਹੀਨੇ ਤੋਂ ਲੈ ਕੇ ਹੁਣ ਤੱਕ ਪਾਕਿਸਤਾਨੀ ਗੋਲੀਬਾਰੀ ਕਾਰਨ ਪੰਜ ਫ਼ੌਜੀ ਜਵਾਨ ਸ਼ਹੀਦ ਹੋ ਚੁੱਕੇ ਹਨ।