ਨਵੀਂ ਦਿੱਲੀ: ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐੱਸਈ) 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਦਾ ਆਯੋਜਨ ਪਹਿਲਾਂ ਤਿਆਰ ਕੀਤੀ ਯੋਜਨਾ ਮੁਤਾਬਕ 3,000 ਕੇਂਦਰਾਂ ਦੀ ਬਜਾਏ ਦੇਸ਼ ਭਰ ਦੇ 15,000 ਸੈਂਟਰਾਂ 'ਤੇ ਕਰੇਗਾ। ਇਸ ਦਾ ਐਲਾਨ ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰੀ ਰਮੇਸ਼ ਪੋਖਰਿਆਲ' 'ਨਿਸ਼ੰਕ' 'ਨੇ ਸੋਮਵਾਰ ਨੂੰ ਕੀਤਾ।
ਕੋਵਿਡ-19 ਦੇ ਪਸਾਰ ਨੂੰ ਰੋਕਣ ਲਈ 25 ਮਾਰਚ ਨੂੰ ਦੇਸ਼ ਵਿਆਪੀ ਤਾਲਾਬੰਦੀ ਕਾਰਨ ਮੁਲਤਵੀ ਕਰ ਦਿੱਤੀਆਂ ਗਈਆਂ ਪ੍ਰੀਖਿਆਵਾਂ ਹੁਣ 1 ਤੋਂ 15 ਜੁਲਾਈ ਤੱਕ ਹੋਣਗੀਆਂ। ਨਿਸ਼ਾਂਕ ਨੇ ਕਿਹਾ, ''10ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਹੁਣ ਪੂਰੇ ਭਾਰਤ ਵਿਚ 15,000 ਤੋਂ ਵੱਧ ਪ੍ਰੀਖਿਆ ਕੇਂਦਰਾਂ 'ਤੇ ਲਈਆਂ ਜਾਣਗੀਆਂ।
ਇਹ ਫੈਸਲਾ ਪ੍ਰੀਖਿਆ ਕੇਂਦਰਾਂ 'ਤੇ ਸਮਾਜਕ ਦੂਰੀ ਨੂੰ ਯਕੀਨੀ ਬਣਾਉਣ ਅਤੇ ਵਿਦਿਆਰਥੀਆਂ ਲਈ ਘੱਟੋ-ਘੱਟ ਯਾਤਰਾ ਨੂੰ ਯਕੀਨੀ ਬਣਾਉਣ ਲਈ ਲਿਆ ਗਿਆ ਹੈ। ਮਨੁੱਖੀ ਸਰੋਤ ਵਿਕਾਸ ਮੰਤਰਾਲੇ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਹੈ ਕਿ ਵਿਦਿਆਰਥੀ ਬਾਹਰੀ ਪ੍ਰੀਖਿਆ ਕੇਂਦਰਾਂ ਦੀ ਬਜਾਏ ਉਨ੍ਹਾਂ ਸਕੂਲਾਂ ਵਿੱਚ ਪ੍ਰੀਖਿਆ ਦੇਣਗੇ ਜਿਨ੍ਹਾਂ ਵਿੱਚ ਉਹ ਦਾਖ਼ਲ ਹਨ।