ਨਵੀਂ ਦਿੱਲੀ: ਸੀਬੀਐਸਈ ਨੇ ਬੋਰਡ ਪ੍ਰੀਖਿਆਵਾਂ ਦੇ ਸਬੰਧ ਵਿੱਚ ਇੱਕ ਵੱਡਾ ਫੈਸਲਾ ਲਿਆ ਹੈ। ਬੋਰਡ ਨੇ 1 ਜੁਲਾਈ ਤੋਂ 15 ਜੁਲਾਈ ਦੇ ਵਿਚਕਾਰ ਹੋਣ ਵਾਲੀਆਂ 12ਵੀਂ ਬੋਰਡ ਦੀਆਂ ਬਾਕੀ ਪ੍ਰੀਖਿਆਵਾਂ ਨੂੰ ਰੱਦ ਕਰ ਦਿੱਤਾ ਹੈ। ਸੁਪਰੀਮ ਕੋਰਟ 'ਚ ਬੋਰਡ ਵੱਲੋਂ ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਇਹ ਵੀ ਕਿਹਾ ਕਿ ਜੋ ਪ੍ਰੀਖਿਆਵਾਂ ਨਹੀਂ ਹੋਈਆਂ ਹਨ, ਉਨ੍ਹਾਂ ਵਿਸ਼ਿਆਂ ਲਈ ਯੋਜਨਾ ਤਿਆਰ ਕਰ ਲਈ ਗਈ ਹੈ।
ਮਾਰਚ ਵਿੱਚ ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ ਸੀਬੀਐਸਈ ਅਤੇ ਆਈਸੀਐਸਈ ਸਮੇਤ ਕਈ ਰਾਜ ਬੋਰਡਾਂ ਦੀਆਂ ਕੁੱਝ ਪ੍ਰੀਖਿਆਵਾਂ ਰਹਿ ਗਈਆਂ ਸਨ। ਕੁੱਝ ਰਾਜ ਬੋਰਡਾਂ ਨੇ ਬੱਚਿਆਂ ਨੂੰ ਬਿਨ੍ਹਾਂ ਪ੍ਰੀਖਿਆਵਾਂ ਪਾਸ ਕਰ ਦਿੱਤਾ, ਜਦਕਿ ਸੀਬੀਐਸਈ ਨੇ ਜੁਲਾਈ ਵਿੱਚ ਬਾਕੀ ਪ੍ਰੀਖਿਆਵਾਂ ਲੈਣ ਦਾ ਫ਼ੈਸਲਾ ਕੀਤਾ ਸੀ। ਸੀਬੀਐਸਈ ਨੇ ਬਾਕੀ ਦੀਆਂ ਪ੍ਰੀਖਿਆਵਾਂ 1 ਤੋਂ 15 ਜੁਲਾਈ ਦੇ ਵਿਚਕਾਰ ਕਰਵਾਉਣ ਲਈ ਕਿਹਾ ਸੀ।