ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ 'ਚ ਦਲਿਤ ਕੁੜੀ ਨਾਲ ਹੋਏ ਜਬਰ ਜਨਾਹ ਦੇ ਮਾਮਲੇ 'ਚ ਸੀਬੀਆਈ ਨੇ ਕੇਸ ਦਰਜ ਕਰ ਲਿਆ ਤੇ ਨਾਲ ਹੀ ਇਸ ਕੇਸ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ।
ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ ਕਿ ਕੇਂਦਰ ਸਰਕਾਰ ਨੇ ਹਾਥਰਸ ਮਾਮਲੇ 'ਚ ਸੀਬੀਆਈ ਜਾਂਚ ਲਈ ਸੂਚਨਾ ਜਾਰੀ ਕਰ ਦਿੱਤੀ ਹੈ। ਘਟਨਾ ਦੇ ਦੌਰਾਨ ਕੁੜੀ ਗੰਭੀਰ ਰੂਪ ਨਾਲ ਜਖ਼ਮੀ ਹੋਈ ਸੀ ਤੇ 29 ਸਤੰਬਰ ਨੂੰ ਦਿੱਲੀ ਦੇ ਇੱਕ ਹਸਪਤਾਲ 'ਚ ਉਸ ਦੀ ਮੌਤ ਹੋ ਗਈ ਸੀ।
ਆਰੋਪ ਹੈ ਕਿ ਉੱਚ ਜਾਤੀ ਦੇ 4 ਲੋਕਾਂ ਨੇ ਪੀੜਤਾ ਨਾਲ ਜਬਰ ਜਨਾਹ ਕੀਤਾ ਸੀ। ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਸਰਕਾਰ ਨੇ ਕਥਿਤ ਸਮੂਹਿਕ ਜਬਰ ਜਨਾਹ ਮਾਮਲੇ ਤੋਂ ਇਲਾਵਾ ਰਾਜਨੀਤੀਕ ਹਿੱਤਾਂ, ਮੀਡੀਆ ਦੇ ਇੱਕ ਹਿੱਸੇ ਵੱਲੋਂ ਬੁਰੇ ਪ੍ਰਚਾਰ ਦੀ ਘਟਨਾਵਾਂ, ਜਾਤੀਗੱਤ ਟਕਰਾਅ ਤੇ ਹਿੰਸਾ ਨੂੰ ਭੜਕਾਉਣ ਵਰਗੇ ਵੱਖ-ਵੱਖ ਮਾਮਲੇ 'ਚ ਸੀਬੀਆਈ ਜਾਂਚ ਦੀ ਮੰਗ ਕੀਤੀ।
ਕੀ ਹੈ ਪੂਰਾ ਮਾਮਲਾ
ਦੱਸ ਦਈਏ ਕਿ ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ 'ਚ ਦਲਿਤ ਕੁੜੀ ਨਾਲ ਜਬਰ ਜਨਾਹ ਦੇ ਮਾਮਲੇ 'ਚ ਬੀਤੇ 3 ਅਕਤੂਬਰ ਨੂੰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸੀਬੀਆਈ ਜਾਂਚ ਦੀ ਸਿਫ਼ਾਰਿਸ਼ ਕੀਤੀ ਸੀ। ਸੀਐਮ ਯੋਗੀ ਨੇ ਇਸ ਦੀ ਜਾਣਕਾਰੀ ਟਵੀਟਰ 'ਤੇ ਦਿੱਤੀ ਸੀ। ਜ਼ਿਕਰਯੋਗ ਹੈ ਕਿ ਯੋਗੀ ਨੇ ਇਹ ਸਿਫ਼ਾਰਿਸ਼ ਉਹ ਸਮੇਂ ਕੀਤੀ ਜਦੋਂ ਵਿਰੋਧੀ ਪਾਰਟੀਆਂ ਵੱਲੋਂ ਸੀਬੀਆਈ ਜਾਂਚ ਦੀ ਮੰਗ ਕੀਤੀ ਜਾ ਰਹੀ ਸੀ।