ਨਵੀਂ ਦਿੱਲੀ: ਦੇਸ਼ ਭਰ ਵਿੱਚ ਕੋਰੋਨਾ ਵਾਇਰਸ ਦੇ ਕਹਿਰ ਕਾਰਨ ਤਾਲਾਬੰਦੀ ਕੀਤੀ ਗਈ ਹੈ। ਇਸ ਦੌਰਾਨ ਲੋਕਾਂ ਨੂੰ ਜ਼ਰੂਰੀ ਵਸਤਾਂ ਤੇ ਡਾਕਟਰੀ ਉਪਕਰਨਾਂ ਦੇ ਸਬੰਧ ਵਿੱਚ ਮੁਸ਼ਕਲ ਨਾ ਆਵੇ, ਇਸ ਦਾ ਧਿਆਨ ਕਰਦੇ ਹੋਏ ਸਰਕਾਰ ਵਲੋਂ ਇਕ ਹੋਰ ਚੰਗਾ ਕਦਮ ਚੁੱਕਿਆ ਗਿਆ ਹੈ। ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਐਤਵਾਰ ਨੂੰ ਕਿਹਾ ਕਿ ਉੱਤਰ-ਪੂਰਬੀ ਰਾਜਾਂ ਵਿੱਚ ਲੋੜੀਂਦੀਆਂ ਚੀਜ਼ਾਂ ਦੇ ਨਾਲ-ਨਾਲ ਵਿਸ਼ੇਸ਼ ਤੌਰ ‘ਤੇ ਡਾਕਟਰੀ ਉਪਕਰਣਾਂ ਅਤੇ ਐਮਰਜੈਂਸੀ ਚੀਜ਼ਾਂ ਦੀ ਸਪਲਾਈ ਕਾਰਗੋ ਉਡਾਣਾਂ ਦੇ ਜ਼ਰੀਏ ਕੀਤੀ ਜਾਵੇਗੀ। ਇਸ ਦੇ ਮੱਦੇਨਜ਼ਰ ਏਅਰ ਇੰਡੀਆ ਦੀ ਵਿਸ਼ੇਸ਼ ਕਾਰਗੋ ਉਡਾਣ ਬੀਤੀ ਦੇਰ ਰਾਤ ਗੁਹਾਟੀ ਹਵਾਈ ਅੱਡੇ 'ਤੇ ਲੈਂਡ ਵੀ ਕਰ ਚੁੱਕੀ ਹੈ।
ਉੱਤਰ ਪੂਰਬੀ ਖੇਤਰ ਦੇ ਵਿਕਾਸ ਰਾਜ ਮੰਤਰੀ ਜਿਤੇਂਦਰ ਸਿੰਘ ਨੇ ਕਿਹਾ ਕਿ, ਸੰਪਰਕ ਕਾਰਜਾਂ ਅਤੇ ਸੜਕ ਕਾਰਜਾਂ ਲਈ ਰੋਡ-ਮੈਪ ਜਲਦੀ ਮੁਹੱਈਆ ਕਰਵਾ ਦਿੱਤੇ ਜਾਣਗੇ। ਖੇਤਰ ਦੇ ਹਵਾਈ ਅੱਡਿਆਂ ਦੇ ਡਾਇਰੈਕਟਰਾਂ ਨੂੰ ਟਵਿੱਟਰ ਰਾਹੀਂ ਉਨ੍ਹਾਂ ਦੀਆਂ ਜ਼ਰੂਰਤਾਂ ਸਬੰਧੀ ਜਾਣਕਾਰੀ ਦੇਣ ਲਈ ਵੀ ਕਿਹਾ ਗਿਆ ਹੈ।
ਦੱਸ ਦਈਏ ਕਿ ਉਨ੍ਹਾਂ ਨੇ ਇੱਕ ਵੀਡੀਓ ਆਪਣੇ ਟਵਿੱਟਰ ਉੱਤੇ ਸ਼ੇਅਰ ਕੀਤੀ ਤੇ ਲਿਖਿਆ ਕਿ, ਏਅਰ ਇੰਡੀਆ ਦੀ ਵਿਸ਼ੇਸ਼ ਕਾਰਗੋ ਉਡਾਣ ਬੀਤੀ ਦੇਰ ਰਾਤ ਗੁਹਾਟੀ ਹਵਾਈ ਅੱਡੇ 'ਤੇ ਉੱਤਰ ਪੂਰਬੀ ਦੇਸ਼ਾਂ ਲਈ ਮੈਡੀਕਲ ਉਪਕਰਣਾਂ ਸਮੇਤ ਸਾਰੇ ਲੋੜੀਂਦੇ ਸਮਾਨ ਲੈ ਕੇ ਪਹੁੰਚੀ।