ਚੰਡੀਗੜ੍ਹ: ਅਮਰੀਕਾ-ਈਰਾਨ ਵਿਚਾਲੇ ਤਣਾਅ ਦੇ ਮੱਦੇਨਜ਼ਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਤੋਂ ਅਪੀਲ ਕੀਤੀ ਹੈ, ਕਿ ਖਾੜੀ ਦੇਸ਼ਾਂ 'ਚ ਰਹਿੰਦੇ 1 ਕਰੋੜ ਭਾਰਤੀਆਂ ਦੀ ਸੁਰੱਖਿਆ ਲਈ ਜ਼ਰੂਰੀ ਕਦਮ ਚੁੱਕੇ ਜਾਣ। ਦੱਸਣਯੋਗ ਹੈ, ਕਿ ਅਮਰੀਕੀ ਹਮਲੇ ’ਚ ਈਰਾਨ ਦੇ ਮੇਜਰ ਜਨਰਲ ਕਾਸਿਮ ਸੁਲੇਮਾਨੀ ਦੀ ਮੌਤ ਤੋਂ ਬਾਅਦ ਈਰਾਨ ਨੇ ਅਮਰੀਕਾ ਤੋਂ ਬਦਲਾ ਲੈਣ ਦੀ ਧਮਕੀ ਦਿੱਤੀ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕੀਤਾ, "ਭਾਰਤ ਦੋਵਾਂ ਦੇਸ਼ਾਂ ਵਿਚਕਾਰ ਟਕਰਾਅ ਦੇ ਮੱਦੇਨਜ਼ਰ ਪੈਦਾ ਹੋਈ ਸਥਿਤੀ ਦਾ ਇੰਤਜ਼ਾਰ ਨਹੀਂ ਕਰ ਸਕਦਾ। ਭਾਰਤ ਸਰਕਾਰ ਨੂੰ ਤੁਰੰਤ ਇਨ੍ਹਾਂ ਦੇਸ਼ 'ਚ ਸਥਿੱਤ ਆਪਣੇ ਸਫ਼ਾਰਤਖ਼ਾਨਿਆਂ ਨੂੰ ਹਦਾਇਤ ਕਰਨੀ ਚਾਹੀਦੀ ਹੈ, ਕਿ ਉਹ ਉੱਥੇ ਵਸੇ ਭਾਰਤੀਆਂ ਨਾਲ ਸੰਪਰਕ ਕਰਨ ਅਤੇ ਇਸ ਸੰਕਟ ਦੀ ਘੜੀ ਵਿੱਚ ਉਨ੍ਹਾਂ ਨੂੰ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਉਣ।
ਕੈਪਟਨ ਨੇ ਕਿਹਾ ਕਿ ਅਮਰੀਕਾ ਤੋਂ ਇਲਾਵਾ ਬ੍ਰਿਟੇਨ ਵਰਗੇ ਹੋਰ ਦੇਸ਼ ਵੀ ਲੋੜ ਪੈਣ 'ਤੇ ਆਪਣੇ ਨਾਗਰਿਕਾਂ ਨੂੰ ਬਾਹਰ ਕੱਢਣ ਦੀ ਤਿਆਰੀ ਕਰ ਰਹੇ ਹਨ। ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਇਹ ਵੀ ਕਿਹਾ ਕਿ ਉਨ੍ਹਾਂ ਸਾਰੇ ਭਾਰਤੀਆਂ ਨੂੰ ਵਾਪਸ ਦੇਸ਼ ਬੁਲਾਉਣ ਦੀ ਯੋਜਨਾ ਬਣਾਉਣ, ਜੋ ਇਨ੍ਹਾਂ ਹਾਲਤਾਂ 'ਚ ਘਰ ਪਰਤਣਾ ਚਾਹੁੰਦੇ ਹਨ।"
ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਕਿਹਾ ਸੀ ਕਿ ਖਾੜੀ ਦੇਸ਼ਾਂ ਦੀ ਭਾਰਤੀ ਸਰਹੱਦ ਨਾਲ ਨੇੜਤਾ ਦੇ ਕਾਰਨ ਇਹ ਜ਼ਰੂਰੀ ਹੈ ਕਿ ਕੇਂਦਰ ਸਰਕਾਰ ਬਿਨਾਂ ਦੇਰੀ ਕਾਰਵਾਈ ਕਰੇ ਅਤੇ ਪੱਛਮੀ ਏਸ਼ੀਆਈ ਦੇਸ਼ਾਂ 'ਚ ਆਪਣੇ ਮਿਸ਼ਨਾਂ ਅਤੇ ਉੱਥੇ ਰਹਿ ਰਹੇ ਭਾਰਤੀ ਲੋਕਾਂ ਨੂੰ ਜ਼ਰੂਰੀ ਨਿਰਦੇਸ਼ ਜਾਰੀ ਕਰੇ। ਖੇਤਰ 'ਚ ਵੱਡੀ ਗਿਣਤੀ 'ਚ ਪੰਜਾਬੀ ਅਤੇ ਸਿੱਖ ਭਾਈਚਾਰੇ ਦੇ ਰਹਿਣ ਦਾ ਜ਼ਿਕਰ ਕਰਦਿਆਂ ਕੈਪਟਨ ਨੇ ਕਿਹਾ ਕਿ ਉਨ੍ਹਾਂ ਦੀ ਸੁਰੱਖਿਅਤ ਵਾਪਸੀ ਲਈ ਸਰਕਾਰ ਹਰ ਸੰਭਵ ਮਦਦ ਕਰੇਗੀ।