ਪੰਜਾਬ

punjab

ETV Bharat / bharat

ਕੈਪਟਨ ਅਮਰਿੰਦਰ ਨੇ CAA ’ਤੇ ਸ਼ਿਵਰਾਜ ਨੂੰ ਵੀ ਵੰਗਾਰਿਆ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਰਤ ਦੇ ਲੋਕ ਉਹ ਦੇਖ ਰਹੇ ਹਨ, ਜੋ ਚੌਹਾਨ ਦੇਖਣ ਵਿੱਚ ਅਸਫ਼ਲ ਹਨ, ਕਿ CAA ਇਕ ਗੈਰਸੰਵਿਧਾਨਕ ਕਾਨੂੰਨ ਹੈ, ਜਿਹੜਾ ਭਾਰਤ ਦੇ ਸੰਵਿਧਾਨ ਦੀ ਧਰਮ ਨਿਰਪੱਖ ਭਾਵਨਾ ਨੂੰ ਖ਼ਤਮ ਕਰ ਰਿਹਾ ਹੈ।

ਕੈਪਟਨ ਅਮਰਿੰਦਰ ਸਿੰਘ
ਕੈਪਟਨ ਅਮਰਿੰਦਰ ਸਿੰਘ

By

Published : Jan 8, 2020, 8:30 PM IST

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਰਤ ਦੇ ਲੋਕ ਉਹ ਦੇਖ ਰਹੇ ਹਨ ਜੋ ਚੌਹਾਨ ਦੇਖਣ ਵਿੱਚ ਅਸਫਲ ਹਨ ਕਿ ਸੀ.ਏ.ਏ. ਇਕ ਗ਼ੈਰਸੰਵਿਧਾਨਕ ਕਾਨੂੰਨ ਹੈ, ਜਿਹੜਾ ਭਾਰਤ ਦੇ ਸੰਵਿਧਾਨ ਦੀ ਧਰਮ ਨਿਰਪੱਖ ਭਾਵਨਾ ਨੂੰ ਖ਼ਤਮ ਕਰ ਰਿਹਾ ਹੈ। CAA ਹੁਣ ਸੱਤਾਧਾਰੀ ਭਾਜਪਾ ਅਤੇ ਇਸ ਦੇ ਆਗੂਆਂ ਲਈ ਹਊਮੇ ਦਾ ਮੁੱਦਾ ਬਣ ਗਿਆ ਜਿਨ੍ਹਾਂ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਹਨ। ਸੀ.ਏ.ਏ. ਤੇ ਐਨ.ਆਰ.ਸੀ. ਦੇਸ਼ ਦੇ ਲੋਕਤੰਤਰ ਨੂੰ ਨੁਕਸਾਨ ਪਹੁੰਚਾਏਗਾ।

ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਦੇ ਲੋਕ ਮੂਰਖ ਨਹੀਂ ਹਨ ਜਿਹੜੇ ਸੀ.ਏ.ਏ. ਨੂੰ ਬਣਾਉਣ ਦੀ ਭਾਵਨਾ ਨੂੰ ਸਮਝ ਰਹੇ ਹਨ। ਜਿਹੜੀ ਭਾਰਤ ਦੀ ਧਰਮ ਨਿਰਪੱਖ ਦਿੱਖ ਨੂੰ ਨੁਕਸਾਨ ਪਹੁੰਚਾ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਤੇ ਉਸ ਦੇ ਭਾਈਵਾਲੀਆਂ ਨੂੰ ਇਸ ਕੋਸ਼ਿਸ਼ ਲਈ ਕਦੇ ਮੁਆਫ ਨਹੀਂ ਕੀਤਾ ਜਾ ਸਕੇਗਾ।

ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਿਵ ਰਾਜ ਚੌਹਾਨ ਵੱਲੋਂ ਕੇਂਦਰ ਸਰਕਾਰ ਵੱਲੋਂ ਸੀ.ਏ.ਏ. ਨੂੰ ਹਰ ਕੀਮਤ 'ਤੇ ਲਾਗੂ ਕਰਨ ਦੀ ਧਮਕੀ ਭਰੇ ਦਿੱਤੇ ਬਿਆਨ ਨੂੰ ਆੜੇ ਹੱਥੀਂ ਲੈਂਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਕਿਹਾ ਕਿ ਭਾਜਪਾ ਨੂੰ ਆਪਣੇ ਇਸ ਜ਼ਿੱਦੀ ਤੇ ਅੜੀਅਲ ਰਵੱਈਏ ਦੀ ਭਾਰੀ ਕੀਮਤ ਚੁਕਾਉਣੀ ਪਵੇਗੀ।

ਮੁੱਖ ਮੰਤਰੀ ਨੇ ਚਿਤਾਵਨੀ ਦਿੱਤੀ ਕਿ ਇਕ ਚੁਣੀ ਹੋਈ ਸਰਕਾਰ ਜਿਹੜੀ ਆਪਣੇ ਲੋਕਾਂ ਦੀ ਆਵਾਜ਼ ਨੂੰ ਸੁਣਨ ਅਤੇ ਉਨ੍ਹਾਂ ਦੇ ਗੁੱਸੇ ਦਾ ਜਵਾਬ ਦੇਣ ਤੋਂ ਮੁਨਕਰ ਹੋਵੇ, ਉਹ ਵਿਸ਼ਵਾਸ ਗਵਾਉਣ ਅਤੇ ਡਿੱਗਣ ਲਈ ਪਾਬੰਦ ਹੈ। ਉਨ੍ਹਾਂ ਕਿਹਾ ਕਿ ਸੀ.ਏ.ਏ. ਉਤੇ ਭਾਜਪਾ ਦਾ ਰੁਖ ਖਤਰਨਾਕ ਫਾਸੀਵਾਦ ਪਹੁੰਚ ਵਾਲਾ ਹੈ ਜਿਹੜਾ ਉਨ੍ਹਾਂ ਨੂੰ ਲੈ ਡਿੱਗੇਗਾ।

ਕੈਪਟਨ ਨੇ ਕਿਹਾ ਕਿ ਜਿੱਥੋਂ ਤੱਕ ਉਨ੍ਹਾਂ ਦੀ ਸਰਕਾਰ ਦਾ ਸਬੰਧ ਹੈ ਤਾਂ ਇਸ ਫੁੱਟ ਪਾਊ ਕਾਨੂੰਨ ਨੂੰ ਪੰਜਾਬ ਵਿੱਚ ਲਾਗੂ ਕਰਨ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਉਨ੍ਹਾਂ ਐਲਾਨ ਕੀਤਾ, ''ਤੁਸੀਂ ਸਾਨੂੰ ਇਸ ਨੂੰ ਲਾਗੂ ਕਰਨ ਲਈ ਮਜਬੂਰ ਨਹੀਂ ਕਰ ਸਕਦੇ।'' ਉਨ੍ਹਾਂ ਨਾਲ ਹੀ ਕਿਹਾ ਕਿ ਨਾ ਹੀ ਉਹ ਤੇ ਨਾ ਹੀ ਕਾਂਗਰਸ ਪਾਰਟੀ ਪਾਕਿਸਤਾਨ ਵਿੱਚ ਸਿੱਖਾਂ ਵਾਂਗ ਹੋਰਨਾਂ ਮੁਲਕਾਂ ਵਿੱਚ ਪੀੜਤ ਘੱਟ ਗਿਣਤੀਆਂ ਨੂੰ ਨਾਗਰਿਕਤਾ ਦੇਣ ਦੇ ਖਿਲਾਫ਼ ਹਨ। ਉਹ ਤਾਂ ਮੁਸਲਮਾਨਾਂ ਸਮੇਤ ਕੁਝ ਧਰਮਾਂ ਦੇ ਲੋਕਾਂ ਨਾਲ ਕੀਤੀ ਜਾ ਰਹੀ ਵਿਤਕਰੇਬਾਜ਼ੀ ਕਰ ਕੇ ਸੀ.ਏ.ਏ. ਦੇ ਵਿਰੋਧੀ ਹਨ।

ਸ਼ਿਵ ਰਾਜ ਚੌਹਾਨ ਦੇ ਹੈਰਾਨ ਕਰ ਦੇਣ ਵਾਲੇ ਬੇਤੁਕੇ ਬਿਆਨ ਉਤੇ ਵਰ੍ਹਦਿਆਂ ਕੈਪਟਨ ਨੇ ਕਿਹਾ ਕਿ ਵਿਵਾਦਤ ਨਾਗਰਿਕਤਾ ਸੋਧ ਬਿੱਲ ਖਿਲਾਫ਼ ਫੁੱਟੇ ਦੇਸ਼ ਵਿਆਪੀ ਰੋਸ਼ ਪ੍ਰਦਰਸ਼ਨ ਦੇ ਬਾਵਜੂਦ ਭਾਜਪਾ ਦੀ ਅਗਵਾਈ ਵਾਲੀ ਐਨ.ਡੀ.ਏ. ਸਰਕਾਰ ਕਾਨੂੰਨ ਦੀ ਗੈਰ ਸੰਵਿਧਾਨਕਤਾ ਨੂੰ ਮੰਨਣ ਤੋਂ ਪੂਰੀ ਤਰ੍ਹਾਂ ਮੁਨਕਰ ਹੈ।

ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਵੱਲੋਂ ਬੀਤੇ ਕੱਲ੍ਹ ਲੁਧਿਆਣਾ ਵੱਲੋਂ ਦਿੱਤੇ ਬਿਆਨ ਉਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਚੌਹਾਨ ਹੋਰਨਾਂ ਭਾਜਪਾ ਆਗੂਆਂ ਵਾਂਗ ਸੀ.ਏ.ਏ. ਦੇ ਮਾੜੇ ਪ੍ਰਭਾਵਾਂ ਤੋਂ ਜਾਣੂੰ ਨਹੀਂ ਹਨ ਅਤੇ ਨਾ ਹੀ ਉਹ ਇਨ੍ਹਾਂ ਨੂੰ ਜਾਣਨਾ ਚਾਹੁੰਦੇ ਹਨ

ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਚੌਹਾਨ ਨੂੰ ਇਸ ਗੱਲ ਦਾ ਭੋਰਾ ਵੀ ਇਲਮ ਨਹੀਂ ਕਿ ਉਹ ਕੀ ਕਹਿ ਰਹੇ ਹਨ ਅਤੇ ਨਾ ਹੀ ਉਨ੍ਹਾਂ ਨੇ ਇਸ ਕਾਨੂੰਨ ਦਾ ਅਧਿਐਨ ਕਰਨ ਦੀ ਖੇਚਲ ਕੀਤੀ ਹੈ ਜਿਸ ਕਾਰਨ ਦੇਸ਼ ਭਰ ਵਿੱਚ ਵੱਡੇ ਪੱਧਰ 'ਤੇ ਰੋਸ ਪ੍ਰਦਰਸ਼ਨ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਚੌਹਾਨ ਦਾ ਇਹ ਦਾਅਵਾ ਕਿ ਇਹ ਪ੍ਰਦਰਸ਼ਨ ਕਾਂਗਰਸ ਜਾਂ ਕਿਸੇ ਹੋਰ ਪਾਰਟੀ ਦੀ ਦਿਮਾਗੀ ਸੋਚ ਹੈ, ਬਿਲਕੁਲ ਗਲਤ ਹੈ। ਇਹ ਰੋਸ ਦੇਸ਼ ਭਰ ਵਿੱਚ ਸਾਰੇ ਧਰਮਾਂ ਤੇ ਪਾਰਟੀ ਪੱਧਰ ਤੋਂ ਉਠ ਕੇ ਆਪਣੇ ਆਪ ਪੈਦਾ ਹੋਇਆ ਹੈ।

ਕੈਪਟਨ ਨੇ ਕਿਹਾ, ''ਕੀ ਚੌਹਾਨ ਇਸ ਗੱਲ ਉਤੇ ਵਿਸ਼ਵਾਸ ਕਰਦੇ ਹਨ ਕਿ ਨੌਜਵਾਨਾਂ ਤੇ ਵਿਦਿਆਰਥੀਆਂ ਸਣੇ ਲੱਖਾਂ ਦੀ ਗਿਣਤੀ ਵਿੱਚ ਸੜਕਾਂ ਉਤੇ ਗੋਲੀਆਂ ਤੇ ਲਾਠੀਆਂ ਖਾਣ ਲਈ ਉਤਰੇ ਲੋਕ ਕਾਂਗਰਸ ਦੇ ਸਮਰਥਕ ਹਨ?'' ਉਨ੍ਹਾਂ ਅੱਗੇ ਕਿਹਾ, ''ਨਾ ਹੀ ਉਹ ਤੇ ਨਾ ਹੀ ਭਾਜਪਾ ਆਗੂ ਪ੍ਰਦਰਸ਼ਨਕਾਰੀਆਂ ਦੀ ਆਵਾਜ਼ ਸੁਣ ਰਹੇ ਹਨ ਜਿਨ੍ਹਾਂ ਵਿੱਚੋਂ ਬਹੁਤਿਆਂ ਦੀ ਇਸ ਮਾਮਲੇ ਨਾਲ ਕੋਈ ਨਿੱਜੀ ਹਿੱਸੇਦਾਰੀ ਨਹੀਂ।

ABOUT THE AUTHOR

...view details