ਮੁੰਬਈ: ਡੋਂਗਰੀ ਹਾਦਸੇ ਵਿੱਚ ਮ੍ਰਿਤਕਾਂ ਦਾ ਅੰਕੜਾ 14 ਪਹੁੰਚ ਗਿਆ ਹੈ। 40 ਤੋਂ ਵੱਧ ਲੋਕਾਂ ਦੇ ਮਲਬੇ ਹੇਠਾਂ ਦਬੇ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਹਾਦਸੇ ਵਿੱਚ 14 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਗਈ ਹੈ ਤੇ ਕਈ ਲੋਕਾਂ ਨੂੰ ਜ਼ਿੰਦਾ ਬਚਾਉਣ ਵਿੱਚ ਵੀ ਕਾਮਯਾਬੀ ਮਿਲੀ ਹੈ। ਹਾਦਸੇ ਦੇ ਪੀੜਤ ਲੋਕਾਂ ਲਈ ਮਹਾਰਾਸ਼ਟਰ ਦੇ ਸੀਐਮ ਦੇਵੇਂਦਰ ਫੜਨਵੀਸ ਵੱਲੋਂ ਮੁਆਵਜ਼ੇ ਦਾ ਐਲਾਨ ਕੀਤਾ ਗਿਆ ਹੈ।
ਜਾਨ ਗੁਆ ਚੁੱਕੇ ਲੋਕਾਂ ਤੇ ਜਖ਼ਮੀਆਂ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸੀਐਮ ਦੇਵੇਂਦਰ ਫੜਨਵੀਸ ਨੇ ਦੁੱਖ ਪ੍ਰਗਟ ਕੀਤਾ ਹੈ। ਇਸ ਹਾਦਸੇ ਵਿੱਚ ਕਈ ਲੋਕ ਜਖ਼ਮੀ ਹੋ ਗਏ ਹਨ ਜੋ ਕਿ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਅੱਗ ਬੁਝਾਊ ਵਿਭਾਗ, ਮੁੰਬਈ ਪੁਲਿਸ ਅਧਿਕਾਰੀ ਮੌਕੇ ਉੱਤੇ ਪਹੁੰਚ। ਟੀਮ ਵਲੋਂ ਹੁਣ ਸਨੀਫ਼ਰ ਡਾਗ ਦੀ ਮਦਦ ਨਾਲ ਵੀ ਮਲਬੇ ਹੇਠਾਂ ਦੱਬੇ ਹੋਏ ਲੋਕਾਂ ਦੀ ਭਾਲ ਜਾਰੀ ਹੈ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਇਮਾਰਤ, ਮਹਾਰਾਸ਼ਟਰ ਘਰ ਅਤੇ ਵਿਕਾਸ ਪ੍ਰਾਧਿਕਰਣ (ਮਹਾਡਾ) ਦੀ ਹੈ, ਹਾਲਾਂਕਿ ਮਹਾਡਾ ਦੀ ਮੁਰੰਮਤ ਬੋਰਡ ਦੇ ਪ੍ਰਮੁੱਖ ਵਿਨੋਦ ਘੋਸਾਲਕਰ ਦਾ ਕਹਿਣਾ ਹੈ ਕਿ ਇਮਾਰਤ ਸੰਸਥਾ ਦੀਆਂ ਨਹੀਂ ਸੀ। ਮਹਾਡਾ ਦਾ ਕਹਿਣਾ ਹੈ ਕਿ ਉਸ ਨੇ ਇਹ ਇਮਾਰਤ ਮੁੜ ਵਿਕਾਸ ਲਈ ਇੱਕ ਪ੍ਰਾਇਵੇਟ ਬਿਲਡਰ ਨੂੰ ਦਿੱਤੀ ਸੀ ਅਤੇ ਹਾਦਸੇ ਦੇ ਜ਼ਿੰਮੇਦਾਰ ਵਿਅਕਤੀ ਦੇ ਵਿਰੁੱਧ ਕਾਰਵਾਈ ਕੀਤੀ ਜਾਵੇਗੀ।
ਸੀਐਮ ਦੇਵੇਂਦਰ ਫੜਨਵੀਸ ਨੇ ਜਤਾਇਆ ਦੁੱਖ
ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕਿਹਾ ਕਿ ਮਲਬੇ ਹੇਠਾਂ ਦੱਬੇ ਹੋਏ ਪੀੜਤਾਂ ਨੂੰ ਕੱਢਣ ਲਈ ਕੋਸ਼ਿਸ਼ਾਂ ਜਾਰੀ ਹਨ। ਮੌਕੇ ਉੱਤੇ ਐੱਨਡੀਆਰਐੱਫ, ਫਾਇਰ ਬ੍ਰਿਗੇਡ ਅਤੇ ਐਂਬੂਲੈਂਸ ਮੌਜੂਦ ਹਨ। ਸਥਾਨਕ ਲੋਕਾਂ ਨੇ ਦੱਸਿਆ ਕਿ ਇਮਾਰਤ ਲਗਭਗ ਸੌ ਸਾਲ ਪੁਰਾਣੀ ਸੀ।