ਨਵੀਂ ਦਿੱਲੀ: ਜੰਮੂ-ਕਸ਼ਮੀਰ ਵਿੱਚ ਧਾਰਾ 370 ਮਨਸੂਖ਼ ਕਰਨ ਤੋਂ ਬਾਅਦ ਬ੍ਰਿਟਿਸ਼ ਸਾਂਸਦ ਡੇਬੀ ਅਬਰਾਹਮਸ ਨੇ ਮੋਦੀ ਸਰਕਾਰ ਦੇ ਇਸ ਫ਼ੈਸਲੇ ਦੀ ਅਲੋਚਨਾ ਕੀਤੀ ਸੀ। ਬ੍ਰਿਟਿਸ਼ ਸਾਂਸਦ ਦੀ ਮੈਂਬਰ ਅਤੇ ਕਸ਼ਮੀਰ ਦੇ ਲਈ ਆਲ ਪਾਰਟੀ ਪਾਰਲੀਮੈਂਟਰੀ ਗਰੁੱਪ ਦੀ ਪ੍ਰਧਾਨ ਡੇਬੀ ਸੋਮਵਾਰ ਨੂੰ ਦੁਬਈ ਤੋਂ ਭਾਰਤ ਆਈ ਸੀ ਪਰ ਉਸ ਨੂੰ ਦਿੱਲੀ ਹਵਾਈ ਅੱਡੇ ਤੇ ਹੀ ਰੋਕ ਦਿੱਤਾ ਗਿਆ। ਉਨ੍ਹਾਂ ਨੂੰ ਦੱਸਿਆ ਗਿਆ ਕਿ ਉਸ ਦਾ ਈ-ਵੀਜ਼ਾ ਰੱਦ ਕਰ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਉਸ ਨੂੰ ਦੁਬਾਰਾ ਦੁਬਈ ਭੇਜਿਆ ਗਿਆ।
ਸੋਮਵਾਰ ਨੂੰ ਦਿੱਲੀ ਹਵਾਈ ਅੱਡੇ ਉੱਤੇ ਰੋਕੇ ਜਾਣ ਤੋਂ ਬਾਅਦ ਡੇਬੀ ਨੇ ਇੱਕ ਪੋਸਟ ਦੇ ਜ਼ਰੀਏ ਜਾਣਕਾਰੀ ਸਾਂਝੀ ਕੀਤੀ ਕਿ ਉਹ ਸੋਮਵਾਰ ਸਵੇਰੇ 9 ਵਜੇ ਦਿੱਲੀ ਹਵਾਈ ਅੱਡੇ ਉੱਤੇ ਪਹੁੰਚੀ ਸੀ। ਹਵਾਈ ਅੱਡੇ ਉੱਤੇ ਉਸ ਨੂੰ ਕਿਹਾ ਗਿਆ ਕਿ ਪਿਛਲੇ ਸਾਲ ਅਕਤੂਬਰ ਵਿੱਚ ਜਾਰੀ ਕੀਤਾ ਗਿਆ ਉਨ੍ਹਾਂ ਦਾ ਈ-ਵੀਜ਼ਾ ਜੋ ਅਕਤੂਬਰ 2020 ਤੱਕ ਸੀ, ਰੱਦ ਕਰ ਦਿੱਤਾ ਗਿਆ ਹੈ। ਇਸ ਦਾ ਕੋਈ ਕਾਰਨ ਵੀ ਨਹੀਂ ਦੱਸਿਆ ਗਿਆ।