ਨਵੀਂ ਦਿੱਲੀ: ਪੂਰਵੀ ਲੱਦਾਖ ਵਿੱਚ ਪੈਂਗੌਂਗ ਝੀਲ ਇਲਾਕੇ ਵਿੱਚ ਚੀਨ ਦੀ ਭੜਕਾਊ ਕਾਰਵਾਈ ਤੋਂ ਕੁਝ ਦਿਨਾਂ ਬਾਅਦ ਇਲਾਕੇ ਵਿੱਚ ਬੁੱਧਵਾਰ ਨੂੰ ਸਥਿਤੀ ਸੰਵੇਦਨਸ਼ੀਲ ਰਹੀ, ਜਦਕਿ ਦੋਹਾਂ ਧਿਰਾਂ ਦੇ ਫ਼ੌਜ ਕਮਾਂਡਰਾਂ ਨੇ ਤਣਾਅ ਘਟਾਉਣ ਦੇ ਲਈ ਇੱਕ ਪੱਧਰ ਦੀ ਗੱਲਬਾਤ ਕੀਤੀ। ਸਰਕਾਰੀ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਦੱਸਿਆ ਕਿ ਦੋਹਾਂ ਦੇਸ਼ਾਂ ਦੀਆਂ ਫ਼ੌਜਾਂ ਨੇ ਚੁਸ਼ੂਲ ਵਿੱਚ ਬ੍ਰਿਗੇਡ ਕਮਾਂਡਰ ਪੱਧਰ ਦੀ ਗੱਲਬਾਤ ਆਰੰਭੀ ਸੀ ਜਿਸ ਵਿੱਚ ਮੁੱਖ ਤੌਰ 'ਤੇ ਪੈਂਗੌਂਗ ਝੀਲ ਦੇ ਇਲਾਕੇ ਵਿੱਚ ਤਣਾਅ ਘਟਾਉਣ 'ਤੇ ਧਿਆਨ ਦਿੱਤਾ ਗਿਆ। ਸੂਤਰਾਂ ਨੇ ਇਹ ਵੀ ਦੱਸਿਆ ਕਿ ਸੋਮਵਾਰ ਤੇ ਮੰਗਲਵਾਰ ਨੂੰ 6 ਘੰਟੇ ਤੋਂ ਵੱਧ ਸਮਾਂ ਅਜਿਹੀ ਹੀ ਗੱਲਬਾਤ ਹੋਈ ਪਰ ਕੋਈ ਠੋਸ ਨਤੀਜਾ ਨਹੀਂ ਨਿਕਲਿਆ।
ਉਨ੍ਹਾਂ ਨੇ ਦੱਸਿਆ ਕਿ ਭਾਰਤ ਨੇ ਪੂਰਵੀ ਲੱਦਾਖ ਵਿੱਚ ਕੁਝ ਰਣਨੀਤਕ ਚੋਟੀਆਂ 'ਤੇ ਕਬਜ਼ਾ ਕੀਤਾ ਹੋਇਆ ਹੈ। ਸੋਮਵਾਰ ਨੂੰ ਭਾਰਤੀ ਫ਼ੌਜ ਨੇ ਕਿਹਾ ਕਿ ਚੀਨੀ ਫ਼ੌਜ ਨੇ ਇਕਪਾਸੜ ਸਥਿਤੀ ਨੂੰ ਬਦਲਣ ਲਈ ਪੈਂਗੌਂਗ ਝੀਲ ਦੇ ਦੱਖਣੀ ਕੰਢੇ 'ਤੇ 29 ਅਤੇ 30 ਅਗਸਤ ਦੀ ਦਰਮਿਆਨੀ ਰਾਤ ਨੂੰ ਭੜਕਾਊ ਫ਼ੌਜੀ ਗਤੀਵਿਧੀਆਂ ਕੀਤੀਆਂ।
ਵਿਦੇਸ਼ ਮੰਤਰਾਲੇ ਨੇ ਬੁਲਾਰੇ ਅਨੁਰਾਗ ਸ੍ਰੀਵਾਸਤਵ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਚੀਨੀ ਪਿਪੁਲਸ ਲਿਬਰੇਸ਼ਨ ਆਰਮੀ (ਪੀਐਲਏ) ਨੇ ਸੋਮਵਾਰ ਨੂੰ ਉਸ ਵੇਲੇ ਇੱਕ ਵਾਰ ਫਿਰ ਭੜਕਾਊ ਕਾਰਵਾਈ ਕੀਤੀ, ਜਦੋਂ ਦੋਹਾਂ ਪਖਾਂ ਦੇ ਕਮਾਂਡਰ ਦੋ ਦਿਨ ਪਹਿਲਾਂ ਪੈਂਗੌਂਗ ਝੀਲ ਦੇ ਇਲਾਕੇ ਵਿੱਚ ਹਾਲਾਤਾਂ ਨੂੰ ਬਦਲਣ ਦੀ ਕੋਸ਼ਿਸ਼ ਤੋਂ ਬਾਅਦ ਤਣਾਅ ਘਟਾਉਣ ਦੀ ਗੱਲ ਕਰ ਰਹੇ ਸਨ।
ਇਕ ਸੂਤਰ ਨੇ ਕਿਹਾ ਕਿ ਇਲਾਕੇ ਵਿੱਚ ਸੰਵੇਦਨਸ਼ੀਲ ਸਥਿਤੀ ਬਣੀ ਹੋਈ ਹੈ। ਪੈਂਗੌਂਗ ਝੀਲ ਦੇ ਉੱਤਰੀ ਕੰਢੇ 'ਤੇ ਦੋਵਾਂ ਧਿਰਾਂ ਵਿਚਾਲੇ ਟਕਰਾਅ ਹੋਇਆ ਸੀ ਪਰ ਦੱਖਣੀ ਤੱਟ 'ਤੇ ਅਜਿਹੀ ਘਟਨਾ ਪਹਿਲੀ ਵਾਰ ਵਾਪਰੀ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੰਗਲਵਾਰ ਨੂੰ ਪੂਰਵੀ ਲੱਦਾਖ ਦੀ ਸਥਿਤੀ ਦੀ ਵਿਆਪਕ ਸਮਿੱਖਿਆ ਕੀਤੀ। ਵਿਦੇਸ਼ ਮੰਤਰੀ ਐਸ ਜੈਸ਼ੰਕਰ, ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ, ਰੱਖਿਆ ਮੁਖੀ (ਸੀਡੀਐਸ) ਜਨਰਲ ਬਿਪਿਨ ਰਾਵਤ, ਸੈਨਾ ਦੇ ਮੁਖੀ ਜਨਰਲ ਐਮ ਐਮ ਨਰਵਾਣੇ, ਹਵਾਈ ਫ਼ੌਜ ਦੇ ਮੁਖੀ ਆਰ ਕੇ ਐਸ ਭਦੌਰੀਆ ਅਤੇ ਹੋਰ ਸ਼ਾਮਲ ਹੋਏ।