ਨਵੀਂ ਦਿੱਲੀ: ਇੱਥੇ ਬੁਰਾੜੀ ਇਲਾਕੇ ਤੋਂ ਬੇਹੱਦ ਖੌਫ਼ਨਾਕ ਵਾਰਦਾਤ ਸਾਹਮਣੇ ਆਈ ਹੈ। ਜਿੱਥੇ 16 ਸਾਲ ਦੇ ਮੁੰਡੇ ਨੂੰ ਚੋਰ ਦੱਸਕੇ ਲੋਕਾਂ ਨੇ ਉਸਦੀ ਬੇਰਹਿਮੀ ਨਾਲ ਕੁਟਾਈ ਕਰ ਦਿੱਤੀ। ਜਾਣਕਾਰੀ ਅਨੁਸਾਰ 3 ਤੋਂ 4 ਲੋਕ ਬਿਨਾਂ ਕਿਸੇ ਸੋਚ ਵਿਚਾਰ ਦੇ ਇਸ ਮੁੰਡੇ ਉੱਤੇ ਡੰਡੇ ਵਰ੍ਹਾਉਂਦੇ ਰਹੇ। ਮੌਕੇ ਉੱਤੇ ਮੌਜੂਦ ਭੀੜ ਤਮਾਸ਼ਬੀਨ ਬਣਕੇ ਵੀਡੀਓ ਬਣਾਉਂਦੀ ਰਹੀ।
ਪੀੜਤ ਮੁੰਡਾ LNJP ਹਸਪਤਾਲ ਦੇ ਆਈਸੀਯੂ ਵਿੱਚ ਜ਼ਿੰਦਗੀ ਅਤੇ ਮੌਤ ਨਾਲ ਲੜ ਰਿਹਾ ਹੈ। ਮਾਮਲੇ ਵਿੱਚ ਬੁਰਾੜੀ ਥਾਣਾ ਪੁਲਿਸ ਨੇ ਮਾਮਲਾ ਦਰਜ ਕਰ ਫਰਾਰ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਪੀੜਤ ਵਿਦਿਆਰਥੀ ਦਸਵੀਂ ਜਮਾਤ ਵਿੱਚ ਪੜ੍ਹਦਾ ਹੈ।
ਮਦਦ ਮੰਗਦਾ ਰਿਹਾ ਮਾਸੂਮ ਤੇ ਭੀੜ ਬਣਾਉਂਦੀ ਰਹੀ ਵੀਡੀਓ, ਚੋਰ ਕਹਿ ਡੰਡਿਆਂ ਨਾਲ ਕੁੱਟਿਆ - ਨਵੀਂ ਦਿੱਲੀ
ਰਾਜਧਾਨੀ ਦਿੱਲੀ ਵਿੱਚ 3 ਤੋਂ 4 ਲੋਕਾਂ ਨੇ ਬਿਨਾਂ ਕਿਸੇ ਸੋਚ ਵਿਚਾਰ ਦੇ ਇੱਕ ਮੁੰਡੇ ਨੂੰ ਚੋਰ ਦੱਸਕੇ ਉਸ ਉੱਤੇ ਲਗਾਤਾਰ ਡੰਡੇ ਵਰ੍ਹਾਏ ਅਤੇ ਉੱਥੇ ਮੌਜੂਦ ਭੀੜ ਵੀ ਤਮਾਸ਼ਾ ਵੇਖਦੀ ਰਹੀ। ਪੁਲਿਸ ਨੇ ਮੌਕੇ ਉੱਤੇ ਪੁੱਜ ਪੀੜਤ ਨੂੰ ਤੁਰੰਤ ਹਸਪਤਾਲ ਵਿੱਚ ਭਰਤੀ ਕਰਵਾਇਆ।
ਵੀਡੀਓ ਵੇਖਣ ਲਈ ਕਲਿੱਕ ਕਰੋ
ਪੀੜਤ ਦੇ ਪਰਿਵਾਰ ਮੁਤਾਬਕ, 16 ਸਾਲ ਦਾ ਪੀੜਤ ਜਨਮ ਅਸ਼ਟਮੀ ਉੱਤੇ ਆਪਣੇ ਦੋ ਚਚੇਰੇ ਭਰਾਵਾਂ ਨਾਲ ਘਰ ਦੇ ਨਜ਼ਦੀਕ ਰਾਧਾ ਕ੍ਰਿਸ਼ਣ ਮੰਦਿਰ ਦਰਸ਼ਨ ਲਈ ਗਿਆ ਸੀ। ਤਿੰਨਾਂ ਭਰਾਵਾਂ ਵਿੱਚ ਇੱਕ ਦਰਖਤ ਨੂੰ ਲੈ ਕੇ ਚਰਚਾ ਹੋਣ ਲੱਗੀ ਅਤੇ ਪੀੜਤ ਦੇ ਭਰਾ ਆਦਰਸ਼ ਨੇ ਦਰਖਤ ਦੇ ਇੱਕ ਪੱਤੇ ਨੂੰ ਤੋੜ ਲਿਆ, ਉਦੋਂ ਨੇੜੇ ਹੀ ਖੜ੍ਹੀ ਕਾਰ ਵਿੱਚ ਸ਼ਰਾਬ ਪੀ ਰਹੇ ਦੋ ਲੋਕਾਂ ਨੇ ਪੀੜਤ ਨੂੰ ਫੜ੍ਹ ਕੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਆਪਣੀ ਗੱਡੀ ਵਿੱਚ ਜ਼ਬਰਦਰਸਤੀ ਬਿਠਾਉਣ ਲੱਗ ਪਏ। ਕਿਸੇ ਤਰ੍ਹਾਂ ਨਾਲ ਪੀੜਤ ਉੱਥੋਂ ਭੱਜਿਆ ਤਾਂ ਮੁਲਜ਼ਮਾਂ ਨੇ ਉਸਨੂੰ ਚੋਰ ਦੱਸ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।
ਪੀੜਤ ਉੱਥੇ ਮੌਕੇ ਉੱਤੇ ਮੌਜੂਦ ਭੀੜ ਤੋਂ ਮਦਦ ਮੰਗਦਾ ਰਿਹਾ, ਪਰ ਲੋਕ ਉਸਨੂੰ ਬਚਾਉਣ ਦੀ ਥਾਂ ਉਸਦਾ ਵੀਡੀਓ ਬਣਾਉਣ ਲੱਗੇ। ਮੌਕੇ ਉੱਤੇ ਪੁੱਜੀ ਪੁਲਿਸ ਨੇ ਗੰਭੀਰ ਹਾਲਤ ਵਿੱਚ ਪੀੜਤ ਨੂੰ ਹਸਪਤਾਲ ਵਿੱਚ ਭਰਤੀ ਕਰਾਇਆ। ਮਾਮਲੇ ਨੂੰ ਲੈ ਕੇ ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਦੀ ਪਹਿਚਾਣ ਹੋ ਗਈ ਹੈ। ਹੱਤਿਆ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਵੀ ਜਲਦੀ ਹੀ ਕੀਤੀ ਜਾਵੇਗੀ।