ਨਵੀਂ ਦਿੱਲੀ: ਸਰਕਾਰ ਦੇ ਇੱਕ ਸੀਨੀਅਰ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜਿਸ ਕਿਸੀ ਦਾ ਵੀ ਜਨਮ ਭਾਰਤ ਵਿੱਚ 1 ਜੁਲਾਈ 1987 ਤੋਂ ਪਹਿਲਾ ਹੋਇਆ ਹੈ ਜਾਂ ਜਿਨ੍ਹਾਂ ਦੇ ਮਾਪੇ ਉਸ ਤਾਰੀਖ ਤੋਂ ਪਹਿਲਾਂ ਪੈਦਾ ਹੋਏ ਹਨ, ਉਹ ਕਾਨੂੰਨ ਮੁਤਾਬਕ ਭਾਰਤ ਦੇ ਸੱਚੇ ਨਾਗਰਿਕ ਹਨ। ਉਨ੍ਹਾਂ ਨੂੰ ਨਾਗਰਿਕਤਾ ਸੋਧ ਐਕਟ ਜਾਂ ਸੰਭਾਵਿਤ ਐਨਆਰਸੀ ਬਾਰੇ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ।
ਨਾਗਰਿਕਤਾ ਐਕਟ ਵਿੱਚ 2004 ਦੀਆਂ ਸੋਧਾਂ ਮੁਤਾਬਕ ਅਸਮ ਨੂੰ ਛੱਡ ਕੇ ਬਾਕੀ ਦੇਸ਼ ਦੇ ਉਹ ਨਾਗਰਿਕਾਂ ਨੂੰ ਵੀ ਭਾਰਤੀ ਨਾਗਰਿਕ ਮੰਨਿਆ ਜਾਵੇਗਾ ਜਿਨ੍ਹਾਂ ਦੇ ਮਾਪੇ ਭਾਰਤੀ ਹਨ ਅਤੇ ਨਾਜਾਇਜ਼ ਪ੍ਰਵਾਸੀ ਨਹੀਂ। ਸਰਕਾਰ ਨੇ ਇਹ ਸਪੱਸ਼ਟੀਕਰਨ ਸੋਧੇ ਹੋਏ ਨਾਗਰਿਕਤਾ ਕਾਨੂੰਨ 2019 ਨੂੰ ਲੈ ਕੇ ਦੇਸ਼ ਵਿੱਚ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਅਤੇ ਸੋਸ਼ਲ ਮੀਡੀਆ ਉੱਤੇ ਕਾਨੂੰਨ ਬਾਰੇ ਵੱਖ ਵੱਖ ਵਿਚਾਰਾਂ ਦੇ ਮੱਦੇਨਜ਼ਰ ਆਇਆ ਹੈ।
ਅਧਿਕਾਰੀ ਨੇ ਕਿਹਾ ਕਿ 1 ਜੁਲਾਈ 1987 ਤੋਂ ਪਹਿਲਾਂ ਭਾਰਤ ਵਿੱਚ ਪੈਦਾ ਹੋਏ ਲੋਕ ਜਾਂ ਜਿਨ੍ਹਾਂ ਦੇ ਮਾਪੇ ਉਸ ਸਾਲ ਪਹਿਲਾਂ ਦੇਸ਼ ਵਿੱਚ ਪੈਦਾ ਹੋਏ ਸਨ, ਉਨ੍ਹਾਂ ਨੂੰ ਕਾਨੂੰਨ ਮੁਤਾਬਕ ਭਾਰਤੀ ਨਾਗਰਿਕ ਮੰਨਿਆ ਜਾਵੇਗਾ। ਅਸਮ ਦੇ ਮਾਮਲੇ 'ਚ ਭਾਰਤੀ ਨਾਗਰਿਕ ਦੇ ਤੌਰ 'ਤੇ ਪਛਾਣ ‘ਕਟ ਆਫ ਲਿਮਟ’ 1971 ਹੈ।
ਪੂਰੇ ਦੇਸ਼ ਵਿੱਚ ਐਨਆਰਸੀ ਲਾਗੂ ਕਰਨ ਦੀ ਸੰਭਾਵਨਾ ਦੇ ਸਵਾਲ 'ਤੇ ਅਧਿਕਾਰੀ ਨੇ ਕਿਹਾ ਕਿ ਇਸ ਬਾਰੇ ਕੁਝ ਕਹਿਣਾ ਜਲਦਬਾਜ਼ੀ ਹੋਵੇਗੀ ਕਿਉਂਕਿ ਇਸ 'ਤੇ ਅਜੇ ਗੱਲਬਾਤ ਨਹੀਂ ਹੋਈ ਹੈ। ਅਧਿਕਾਰੀ ਨੇ ਕਿਹਾ, “ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਨਾਗਰਿਕਤਾ ਸੋਧ ਐਕਟ ਦੀ ਤੁਲਨਾ ਅਸਮ ਵਿੱਚ ਐਨਆਰਸੀ ਨਾਲ ਨਾ ਕੀਤੀ ਜਾਵੇ ਕਿਉਂਕਿ ਅਸਮ ਲਈ ਕੱਟ-ਆਫ਼ ਵੱਖ ਹੈ।
ਨਾਗਰਿਕਤਾ ਐਕਟ ਵਿੱਚ 2004 ਦੀਆਂ ਸੋਧਾਂ ਮੁਤਾਬਕ ਜੋ 26 ਜਨਵਰੀ, 1950 ਨੂੰ ਜਾਂ ਇਸ ਤੋਂ ਬਾਅਦ ਭਾਰਤ ਵਿੱਚ ਪੈਦਾ ਹੋਏ ਪਰ 1 ਜੁਲਾਈ 1987 ਤੋਂ ਪਹਿਲਾਂ, ਜਿਸਦਾ ਜਨਮ ਭਾਰਤ ਵਿੱਚ ਇੱਕ ਜੁਲਾਈ 1987 ਨੂੰ ਜਾਂ 3 ਦਸੰਬਰ, 2004 ਤੋਂ ਪਹਿਲਾਂ ਹੋਇਆ ਹੈ ਅਤੇ ਉਸਦੀ ਮਾਤਾ ਜਾਂ ਪਿਤਾ ਜਨਮ ਦੇ ਸਮੇਂ ਭਾਰਤ ਦੇ ਨਾਗਰਿਕ ਹਨ, ਉਹ ਇੱਕ ਅਸਲ ਭਾਰਤੀ ਨਾਗਰਿਕ ਹੈ।