ਹਿਸਾਰ: ਟੀਵੀ ਸੀਰੀਅਲ ਵਿੱਚ ਕੰਮ ਕਰ ਚੁੱਕੀ ਅਤੇ ਟਿਕ ਟੌਕ ਰਾਹੀਂ ਮਸ਼ਹੂਰ ਹੋਈ ਹਰਿਆਣਾ ਦੀ ਰਹਿਣ ਵਾਲੀ ਸੋਨਾਲੀ ਫੋਗਾਟ ਨੂੰ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਭਾਜਪਾ ਨੇ ਆਦਮਪੁਰ ਹਲਕੇ ਤੋਂ ਟਿਕਟ ਦਿੱਤੀ ਹੈ। ਉਨ੍ਹਾਂ ਦਾ ਮੁਕਾਬਲਾ ਕੁਲਦੀਪ ਬਿਸ਼ਨੋਈ ਨਾਲ ਹੈ। ਆਦਮਪੁਰ ਵਿਧਾਨ ਸਭਾ ਹਲਕੇ ਨੂੰ ਹਰਿਆਣਾ ਦੀ ਰਾਜਨੀਤੀ ਵਿੱਚ ਬਿਸ਼ਨੋਈ ਪਰਿਵਾਰ ਦਾ ਗੜ੍ਹ ਮੰਨਿਆ ਜਾਂਦਾ ਹੈ। ਸੋਨਾਲੀ ਫੋਗਾਟ ਇਸ ਗੜ੍ਹ ਤੋਂ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਅਤੇ ਟਿਕ ਟੋਕ ਸਟਾਰ ਹੋਣ ਕਾਰਨ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਸੋਨਾਲੀ ਫੋਗਾਟ ਨੇ ਈਟੀਵੀ ਭਾਰਤ ਨਾਲ ਮਿਲ ਕੇ ਆਪਣੀ ਜਿੰਦਗੀ ਅਤੇ ਰਾਜਨੀਤੀ ਵਿੱਚ ਆਉਣ ਨੂੰ ਲੈ ਕੇ ਖ਼ਾਸ ਗੱਲਬਾਤ ਕੀਤੀ।
ਅਭਿਨੇਤਰੀ ਤੋਂ ਲੀਡਰ ਬਣੀ ਫੋਗਾਟ
ਸੋਨਾਲੀ ਫੋਗਾਟ ਨੇ ਕਿਹਾ ਕਿ ਜੇਕਰ ਕੋਈ ਕੰਮ ਪੂਰੀ ਤਨਦੇਹੀ ਨਾਲ ਕੀਤਾ ਜਾਵੇ ਤਾਂ ਕੋਈ ਵੀ ਚੁਣੌਤੀਆਂ ਨਹੀਂ ਹੁੰਦੀਆਂ। ਫੋਗਾਟ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦਾ ਸੰਗਠਨ ਇੰਨਾ ਵੱਡਾ ਹੈ, ਇਸ ਲਈ ਉਨ੍ਹਾਂ ਨੂੰ ਕੋਈ ਮੁਸ਼ਕਲ ਦਿਖਾਈ ਹੀ ਨਹੀਂ ਦਿੰਦੀ। ਇਸ ਸੰਗਠਨ ਨੇ ਦੇਸ਼ ਨੂੰ ਇੱਕ ਮਜ਼ਬੂਤ ਪ੍ਰਧਾਨ ਮੰਤਰੀ ਦਿੱਤਾ ਹੈ। ਆਦਮਪੁਰ ਹਲਕੇ ਤੋਂ ਕੁਲਦੀਪ ਬਿਸ਼ਨੋਈ ਨਾਲ ਚੋਣ ਮੁਕਾਬਲੇ ਨੂੰ ਲੈ ਕੇ ਫੋਗਾਟ ਨੇ ਕਿਹਾ ਕਿ ਉਹ ਪਿਛਲੇ ਕਈ ਸਾਲਾਂ ਤੋਂ ਭਾਰਤੀ ਜਨਤਾ ਪਾਰਟੀ ਵਿੱਚ ਹੈ ਅਤੇ ਪਾਰਟੀ ਸੰਗਠਨ ਨੇ ਵਿਸ਼ਵਾਸ ਕਰਕੇ ਇਸ ਸੀਟ ਤੋਂ ਜ਼ਿੰਮੇਵਾਰੀ ਦਿੱਤੀ ਹੈ।
ਸੋਨਾਲੀ ਫੋਗਾਟ ਨੇ ਕਿਹਾ ਕਿ ਉਹ ਇੱਕ ਅਭਿਨੇਤਰੀ ਹੈ ਪਰ ਪਿਛਲੇ 10 ਤੋਂ 12 ਸਾਲਾਂ ਤੋਂ ਰਾਜਨੀਤੀ ਨਾਲ ਜੁੜੀ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਉਹ ਭਾਜਪਾ ਦੇ ਲੋਕਾਂ ਨਾਲ ਮੁਲਾਕਾਤ ਅਤੇ ਪਾਰਟੀ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਰਾਜਨੀਤੀ ਵਿੱਚ ਸ਼ਾਮਲ ਹੋਈ ਹੈ। ਸੋਨਾਲੀ ਫੋਗਾਟ ਨੇ ਕਿਹਾ ਕਿ ਉਸ ਨੇ ਸੁਮਿੱਤਰਾ ਮਹਾਜਨ ਨਾਲ ਮੁਲਾਕਾਤ ਕੀਤੀ, ਜੋ ਕਿ 8 ਵਾਰ ਸੰਸਦ ਮੈਂਬਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸੁਮਿੱਤਰਾ ਮਹਾਜਨ ਨੇ ਆਪਣੀ ਜ਼ਿੰਦਗੀ ਬਾਰੇ ਦੱਸਿਆ, ਜਿਸ ਤੋਂ ਪ੍ਰਭਾਵਤ ਹੋ ਕੇ ਉਹ ਲੋਕਾਂ ਦੀ ਸੇਵਾ ਕਰਨ ਲਈ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਈ।