ਨਵੀਂ ਦਿੱਲੀ: ਦਿੱਲੀ ਵਿੱਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸਤ ਕਾਫ਼ੀ ਭੱਖਦੀ ਜਾ ਰਹੀ ਹੈ। ਮੰਤਰੀ ਇੱਕ ਦੂਜੇ 'ਤੇ ਨਿਸ਼ਾਨੇ ਵਿੰਨ੍ਹ ਰਹੇ ਹਨ। ਉੱਥੇ ਹੀ ਵੀਰਵਾਰ ਨੂੰ ਭਾਜਪਾ ਦੇ ਇੱਕ ਵਫ਼ਦ ਨੇ ਚੋਣ ਕਮੀਸ਼ਨ ਦੇ ਅਧਿਕਾਰੀਆਂ ਦੇ ਨਾਲ ਮੁਲਾਕਾਤ ਕਰਦੇ ਹੋਏ ਆਮ ਆਦਮੀ ਪਾਰਟੀ 'ਤੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਆਮ ਆਦਮੀ ਪਾਰਟੀ ਪੈਸੇ ਦੇ ਕੇ ਕਰਵਾ ਰਹੀ ਹੈ, CAA ਦਾ ਵਿਰੋਧ ਪ੍ਰਦਰਸ਼ਨ: ਭਾਜਪਾ
ਭਾਜਪਾ ਦੇ ਇੱਕ ਵਫਦ ਨੇ ਚੋਣ ਕਮੀਸ਼ਨ ਦੇ ਨਾਲ ਮੁਲਾਕਾਤ ਕਰ ਕੇ ਆਮ ਆਦਮੀ ਪਾਰਟੀ ਖ਼ਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਭਾਜਪਾ ਦਾ ਕਹਿਣਾ ਹੈ ਕਿ 'ਆਪ' ਪਾਰਟੀ ਪੈਸੇ ਦੇ ਕੇ ਦਿੱਲੀ ਵਿੱਚ ਧਰਨੇ ਪ੍ਰਦਰਸ਼ਨ ਕਰਵਾ ਰਹੀ ਹੈ।
ਭਾਜਪਾ ਦਾ ਇੱਕ ਵਫ਼ਦ ਜਿਸ ਵਿੱਚ ਕੇਂਦਰੀ ਮੰਤਰੀ ਹਰਸ਼ਵਰਧਨ ਅਤੇ ਮੁਖਤਾਰ ਅੱਬਾਸ ਨਕਵੀ ਸ਼ਾਮਿਲ ਸਨ। ਭਾਜਪਾ ਦਾ ਕਹਿਣਾ ਹੈ ਕਿ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਵਿੱਚ ਹੋ ਰਹੇ ਧਰਨਾ ਪ੍ਰਦਰਸ਼ਨ ਆਮ ਆਦਮੀ ਪਾਰਟੀ ਵੱਲੋਂ ਪੈਸੇ ਦੇ ਕੇ ਕਰਵਾਏ ਜਾ ਰਹੇ ਹਨ, ਚਾਹੇ ਉਹ ਧਰਨਾ ਸ਼ਾਹੀਨ ਬਾਗ ਦਾ ਹੋਵੇ ਸੀਲਮਪੁਰ ਦਾ ਹੋਵੇ ਜਾਂ ਕਿਸੇ ਹੋਰ ਜਗ੍ਹਾ ਦਾ ਅਤੇ ਇਸ ਦਾ ਸਾਰਾ ਖ਼ਰਚਾ ਵੀ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਖਾਤੇ ਵਿੱਚ ਜੋੜਿਆ ਜਾਵੇ।
ਭਾਜਪਾ ਆਗੂ ਮੀਨਾਕਸ਼ੀ ਲੇਖੀ ਨੇ ਕਿਹਾ ਕਿ ਨਿਧੜਕ ਹੋ ਕੇ ਚੋਣਾਂ ਕਰਵਾਉਣਾ ਚੋਣ ਕਮਿਸ਼ਨ ਦਾ ਕੰਮ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਚੋਣ ਕਮਿਸ਼ਨ ਇਸ ਮਾਮਲੇ ਵਿੱਚ ਕਾਰਵਾਈ ਕਰੇਗਾ। ਭਾਜਪਾ ਆਗੂ ਭੁਪੇਂਦਰ ਯਾਦਵ ਨੇ ਦੱਸਿਆ ਕਿ ਉਨ੍ਹਾਂ ਨੇ ਚੋਣ ਕਮਿਸ਼ਨ ਨੂੰ ਵੀਡੀਓ ਅਤੇ ਹੋਰ ਸਬੂਤ ਵੀ ਦਿੱਤੇ ਹਨ।