ਨਵੀਂ ਦਿੱਲੀ: ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਐਤਵਾਰ ਨੂੰ ਦੋਸ਼ ਲਗਾਇਆ ਕਿ ਭਾਜਪਾ ਅਤੇ ਆਰਐਸਐਸ ਦੇਸ਼ ਵਿਚ ਫੇਸਬੁੱਕ ਅਤੇ ਵਟਸਐਪ ਨੂੰ ਕੰਟਰੋਲ ਕਰਦੇ ਹਨ। ਗਾਂਧੀ ਨੇ ਆਪਣੇ ਦਾਅਵਿਆਂ ਦੇ ਸਮਰਥਨ ਵਿੱਚ ਇੱਕ ਟਵੀਟ ਵਿੱਚ ਅਮਰੀਕੀ ਅਖਬਾਰ ਵਿੱਚ ਪ੍ਰਕਾਸ਼ਤ ਇੱਕ ਰਿਪੋਰਟ ਵੀ ਸਾਂਝੀ ਕੀਤੀ।
ਕਾਂਗਰਸ ਸੰਸਦ ਮੈਂਬਰ ਨੇ ਇਹ ਵੀ ਦੋਸ਼ ਲਾਇਆ ਕਿ ਉਹ ਵੋਟਰਾਂ ਨੂੰ ਪ੍ਰਭਾਵਤ ਕਰਨ ਲਈ ਇਨ੍ਹਾਂ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਫ਼ਰਜ਼ੀ ਖ਼ਬਰਾਂ ਅਤੇ ਨਫ਼ਰਤ ਫੈਲਾਉਂਦੇ ਹਨ।
ਕੇਂਦਰੀ ਦੂਰਸੰਚਾਰ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਰਾਹੁਲ ਗਾਂਧੀ ਦੇ ਟਵੀਟ 'ਤੇ ਜਵਾਬ ਦਿੱਤਾ ਹੈ। ਪ੍ਰਸਾਦ ਨੇ ਕਿਹਾ, "ਹਾਰਨ ਵਾਲੇ ਲੋਕ ਜੋ ਆਪਣੀ ਹੀ ਪਾਰਟੀ ਦੇ ਲੋਕਾਂ ਨੂੰ ਪ੍ਰਭਾਵਤ ਨਹੀਂ ਕਰ ਸਕਦੇ, ਉਹ ਇਸ ਤੱਥ ਦਾ ਜ਼ਿਕਰ ਕਰ ਰਹੇ ਹਨ ਕਿ ਪੂਰੀ ਦੁਨੀਆ ਭਾਜਪਾ ਅਤੇ ਆਰਐਸਐਸ ਵੱਲੋਂ ਨਿਯੰਤਰਿਤ ਕੀਤੀ ਗਈ ਹੈ। ਚੋਣਾਂ ਤੋਂ ਪਹਿਲਾਂ ਅੰਕੜੇ ਨੂੰ ਹਥਿਆਰ ਬਣਾਉਣ ਲਈ ਤੁਹਾਨੂੰ ਕੈਮਬ੍ਰਿਜ ਐਨਾਲਿਟਿਕਾ ਅਤੇ ਫੇਸਬੁੱਕ ਨਾਲ ਗੱਠਜੋੜ ਕਰਦਿਆਂ ਰੰਗੇ ਹੱਥੀਂ ਫੜਿਆ ਗਿਆ ਸੀ ਤੇ ਹੁਣ ਸਾਨੂੰ ਸਵਾਲ ਕਰ ਰਹੇ ਹੋ ?"
ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਦੇ ਟਵੀਟ ਦਾ ਜਵਾਬ ਦਿੰਦਿਆਂ ਪਾਰਟੀ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਐਤਵਾਰ ਨੂੰ ਕਿਹਾ ਕਿ ਸੂਚਨਾ ਤਕਨਾਲੋਜੀ ਦੀ ਸੰਸਦੀ ਸਥਾਈ ਕਮੇਟੀ ਮੀਡੀਆ ਦੀਆਂ ਰਿਪੋਰਟਾਂ ਬਾਰੇ ਫੇਸਬੁੱਕ ਤੋਂ ਜ਼ਰੂਰ ਸੁਣਨਾ ਚਾਹੇਗੀ।