ਭੋਪਾਲ : ਮੱਧ ਪ੍ਰਦੇਸ਼ 'ਚ ਜ਼ਿਮਨੀ ਚੋਣ ਤੋਂ ਪਹਿਲਾਂ ਸਿਆਸਤ ਸਰਗਰਮ ਹੈ। ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ ਨੇ ਟਵਿੱਟਰ 'ਤੇ ਸੀਐਮ ਸ਼ਿਵਰਾਜ ਸਿੰਘ ਚੌਹਾਨ ਦੀ ਇੱਕ ਵੀਡੀਓ ਸਾਂਝੀ ਕੀਤੀ ਸੀ ਜਿਸ ਨਾਲ ਨਵਾਂ ਵਿਵਾਦ ਸ਼ੁਰੂ ਹੋ ਗਿਆ ਹੈ। ਇਹ ਵੀਡੀਓ ਜਾਰੀ ਹੋਣ ਤੋਂ ਬਾਅਦ ਭਾਜਪਾ ਨੇ ਆਪਣਾ ਵਿਰੋਧ ਜ਼ਾਹਿਰ ਕੀਤਾ ਹੈ। ਸੂਬੇ ਦੀ ਕ੍ਰਾਇਮ ਬ੍ਰਾਂਚ ਨੇ ਦਿਗਵਿਜੈ ਸਿੰਘ ਉੱਤੇ ਐਫਆਈਆਰ ਦਰਜ ਕੀਤੀ ਹੈ।
ਭਾਜਪਾ ਨੇਤਾਵਾਂ ਨੇ ਆਪਣੀ ਸ਼ਿਕਾਇਤ 'ਚ ਦਿਗਵਿਜੈ ਸਿੰਘ ਵਿਰੁੱਧ ਅਪਰਾਧਿਕ ਮਾਮਲਾ ਦਰਜ ਕੀਤੇ ਜਾਣ ਦੀ ਮੰਗ ਕੀਤੀ ਹੈ। ਭਾਜਪਾ ਨੇਤਾ ਸਾਬਕਾ ਮੰਤਰੀ ਉਮਾਸ਼ੰਕਰ ਗੁਪਤਾ ਦੀ ਅਗਵਾਈ ਵਿੱਚ ਭਾਜਪਾ ਨੇਤਾ ਕ੍ਰਾਇਮ ਬ੍ਰਾਂਚ ਦੇ ਦਫ਼ਤਰ ਪੁੱਜੇ ਅਤੇ ਉਨ੍ਹਾਂ ਨੇ ਐਸਪੀ ਸਾਈਂ ਕ੍ਰਿਸ਼ਨਾ ਥੋਟਾ ਨੂੰ ਸ਼ਿਕਾਇਤ ਪੱਤਰ ਦਿੱਤਾ ਹੈ।ਸ਼ਿਕਾਇਤ ਪੱਤਰ 'ਚ ਲਿਖਿਆ ਗਿਆ ਹੈ ਕਿ ਦਿਗਵਿਜੈ ਸਿੰਘ ਨੇ ਆਪਣੇ ਟਵਿੱਟਰ ਅਕਾਉਂਟ 'ਤੇ 14 ਜੂਨ ਨੂੰ ਦੁਪਹਿਰ 1:50 ਵਜੇ ਇੱਕ ਵੀਡੀਓ ਪੋਸਟ ਕੀਤਾ ਹੈ। ਵੀਡੀਓ 'ਚ ਵਿਖਾਇਆ ਗਿਆ ਹੈ ਕਿ ਸ਼ਿਵਰਾਜ ਸਿੰਘ ਚੌਹਾਨ ਆਬਕਾਰੀ ਵਿਭਾਗ ਦੀ ਟੀਮ ਉੱਤੇ ਗੁੱਸਾ ਕਰ ਰਹੇ ਹਨ। ਵੀਡੀਓ ਵਿੱਚ ਸ਼ਿਵਰਾਜ ਕਹਿ ਰਹੇ ਹਨ ਕਿ ਸ਼ਰਾਬ ਇਨ੍ਹੀ ਫੈਲਾ ਦਵੋ ਕਿ ਪੀਣ ਅਤੇ ਪਏ ਰਹਿਣ। ਭਾਜਪਾ ਵਰਕਰਾਂ ਨੇ ਸ਼ਿਕਾਇਤ ਦੇ ਨਾਲ ਪੁਲਿਸ ਨੂੰ ਵੀਡੀਓ ਵੀ ਸੌਂਪੀ ਹੈ। ਇਸ ਮਾਮਲੇ 'ਚ ਸਾਬਕਾ ਮੰਤਰੀ ਓਮਾਸ਼ੰਕਰ ਗੁਪਤਾ ਨੇ ਕਿਹਾ ਕਿ ਜਿਸ ਵੀਡੀਓ ਨੂੰ ਐਡੀਟ ਕਰਕੇ ਅਪਲੋਡ ਕੀਤਾ ਗਿਆ ਹੈ, ਉਹ 12 ਜਨਵਰੀ 2020 ਦਾ ਹੈ ਤੇ ਸ਼ਿਵਰਾਜ ਚੌਹਾਨ ਪੱਤਰਕਾਰਾਂ ਵੱਲੋਂ ਕਮਲਨਾਥ ਸਰਕਾਰ ਦੀ ਆਬਕਾਰੀ ਨੀਤੀ 'ਤੇ ਪੁੱਛੇ ਗਏ ਸਵਾਲ ਦਾ ਜਵਾਬ ਦੇ ਰਹੇ ਹਨ। ਭਾਜਪਾ ਆਗੂਆਂ ਦਾ ਦੋਸ਼ ਹੈ ਕਿ ਇਹ ਵੀਡੀਓ 2 ਮਿੰਟ 19 ਸੈਕਿੰਡ ਦਾ ਹੈ। ਉਹ ਆਬਕਾਰੀ ਨੀਤੀ ਦਾ ਵਿਰੋਧ ਕਰ ਰਹੇ ਹਨ, ਪਰ ਜੋ ਵੀਡੀਓ ਵਾਇਰਲ ਹੋ ਰਹੀ ਹੈ, ਉਹ ਸਿਰਫ 9 ਸੈਕਿੰਡ ਦੀ ਹੈ। ਇਸ ਵੀਡੀਓ ਨੂੰ ਐਡੀਟ ਕਰਕੇ ਮੁੱਖ ਮੰਤਰੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਜੋ ਚੋਣਾਂ ਦੌਰਾਨ ਦਿਗਵਿਜੈ ਸਿੰਘ ਅਤੇ ਉਨ੍ਹਾਂ ਦੇ ਸਾਥੀ ਫਾਇਦਾ ਚੁੱਕ ਸਕਣ।